ਸ਼ਰਾਬ ਕਾਰੋਬਾਰੀ ਦੀਪ ਮਲਹੋੱਤਰਾ ਦੀ ਫ਼ਰੀਦਕੋਟ ਰਿਹਾਇਸ਼ ‘ਤੇ ED ਦੀ ਰੇਡ

ਫ਼ਰੀਦਕੋਟ : ਸਾਬਕਾ ਸ਼੍ਰੋਅਦ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋੱਤਰਾ ਦੀ ਫ਼ਰੀਦਕੋਟ ਸਥਿਤ ਰਿਹਾਇਸ਼ ‘ਤੇ ਈਡੀ ਦੀ ਰੇਡ ਚੱਲ ਰਹੀ ਹੈ। ਈਡੀ ਦੀ ਟੀਮ ਦੋ ਗੱਡੀਆਂ ‘ਚ ਸਵੇਰੇ ਲਗਪਗ 8 ਵਜੇ ਮਲਹੋੱਤਰਾ ਦੀ ਰਿਹਾਇਸ਼ ‘ਤੇ ਪਹੁੰਚੀ ਅਤੇ ਆਪਣੀ ਜਾਂਚ ਸ਼ੁਰੂ ਕੀਤੀ। ਉੱਥੇ ਹੀ ਈਡੀ ਦੀ ਇਸ ਕਾਰਵਾਈ ਤੋਂ ਬਾਅਦ ਹਲਚਲ ਮਚ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮਲਹੋਤਰਾ ਦਾ ਕੋਈ ਪਰਿਵਾਰਕ ਮੈਂਬਰ ਫਰੀਦਕੋਟ ਸਥਿਤ ਰਿਹਾਇਸ਼ ‘ਤੇ ਨਹੀਂ ਆਇਆ। ਇਹ ਘਰ ਕਾਫੀ ਸਮੇਂ ਤੋਂ ਬੰਦ ਪਿਆ ਹੈ। ਚੱਲ ਰਹੀ ਜਾਂਚ ਦੇ ਮੱਦੇਨਜ਼ਰ ਟੀਮ ਮੈਂਬਰਾਂ ਵੱਲੋਂ ਘਰ ਦਾ ਮੁੱਖ ਦਰਵਾਜ਼ਾ ਬੰਦ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਹ ਜਾਂਚ ਇਕ ਮਹਿਲਾ ਅਧਿਕਾਰੀ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਉਕਤ ਜਾਂਚ ਨੂੰ ਦਿੱਲੀ ਸਰਕਾਰ ਦੇ ਸ਼ਰਾਬ ਘੁਟਾਲੇ ਨਾਲ ਜੋੜਿਆ ਜਾ ਰਿਹਾ ਹੈ। ਈਡੀ ਦੀ ਟੀਮ ਜਿਸ ਇਨੋਵਾ ਗੱਡੀ ‘ਚ ਆਈ ਹੈ, ਉਸ ਦਾ ਨੰਬਰ ਜਲੰਧਰ ਦਾ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਅਜੇ ਤਕ ਅਧਿਕਾਰੀਆਂ ਵੱਲੋਂ ਜਾਂਚ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਸ਼ਰਾਬ ਕਾਰੋਬਾਰ ਦੇ ਨਾਲ-ਨਾਲ ਫਾਈਵ ਤੇ ਸੈਵਲ ਸਟਾਰ ਹੋਟਲਾਂ ਦੀ ਲੜੀ ਹੈ। ਮਲਹੋੱਤਰਾ ਨੂੰ ਫਿਲਹਾਲ ਦਿੱਲੀ ਸਰਕਾਰ ਦੇ ਕਰੀਬੀ ਮੰਨਿਆ ਜਾਂਦਾ ਹੈ।