New Delhi- ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਕੈਨੇਡਾ ਵਲੋਂ ਕੀਤੀ ਜਾ ਰਹੀ ਜਾਂਚ ’ਚ ਸਹਿਯੋਗ ਕਰੇ। ਬਲਿੰਕਨ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਆਪਣੀ ਜਾਂਚ ’ਚ ਕੈਨੇਡਾ ਦੇ ਨਾਲ ਕੰਮ ਕਰੇ ਅਤੇ ਉਹ ਕੈਨੇਡਾ ਦੇ ਨਾਲ ਚੱਲ ਰਹੇ ਮਤਭੇਦ ਦਾ ਸਹਿਯੋਗਾਤਮਕ ਤਰੀਕੇ ਨਾਲ ਹੱਲ ਕੱਢਣ ਲਈ ਰਾਹ ਲੱਭੇ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਸਾਡੇ ਦੋ ਸਭ ਤੋਂ ਕਰੀਬੀ ਦੋਸਤ ਅਤੇ ਭਾਈਵਾਲ ਹਨ ਅਤੇ ਯਕੀਨੀ ਤੌਰ ’ਤੇ ਅਸੀਂ ਉਨ੍ਹਾਂ ਨੂੰ ਦੋਸਤਾਂ ਦੇ ਤੌਰ ’ਤੇ ਕਿਸੇ ਵੀ ਮਸਲੇ ਜਾਂ ਵਿਵਾਦ ਨੂੰ ਹੱਲ ਕਰਦਿਆਂ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਮੈਂ ਭਾਰਤੀ ਹਮਰੁਤਬਾਵਾਂ ਨਾਲ ਚਰਚਾ ਕੀਤੀ ਹੈ। ਬਲਿੰਕਨ ਅਤੇ ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਨਾਲ ‘2+2’ ਬੈਠਕ ’ਚ ਸ਼ਾਮਿਲ ਹੋਣ ਲਈ ਭਾਰਤ ਆਏ ਸਨ।
ਹਰਦੀਪ ਸਿੰਘ ਨਿੱਝਰ ਦੀ ਬੀਤੀ 28 ਜੂਨ ਨੂੰ ਸਰੀ ਦੇ ਇੱਕ ਗੁਰਦੁਆਰਾ ਸਾਹਿਬ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਤੰਬਰ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ਼ ਕਾਮਨਜ਼ ’ਚ ਬੋਲਦਿਆਂ ਕਿਹਾ ਸੀ ਕਿ ਇਸ ਹੱਤਿਆਕਾਂਡ ਦੇ ਪਿੱਛੇ ‘ਭਾਰਤੀ ਏਜੰਟਾਂ’ ਦਾ ਹੱਥ ਸੀ। ਇਸ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਕੁੜੱਤਣ ਪੈਦਾ ਹੋ ਗਈ ਸੀ, ਜਿਸ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ।