ਕੈਲਗਰੀ ’ਚ ਜਾਰੀ ਹੈ ਈ. ਕੋਲਾਈ ਦਾ ਪ੍ਰਕੋਪ, ਹਸਪਤਾਲਾਂ ’ਚ ਵੱਧ ਰਹੀ ਹੈ ਮਰੀਜ਼ਾਂ ਦੀ ਗਿਣਤੀ

Calgary- ਕੈਲਗਰੀ ਦੇ ਕਈ ਡੇ-ਕੇਅਰਾਂ ’ਚ ਫੈਲਣ ਨਾਲ ਜੁੜੇ ਈ. ਕੋਲਾਈ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲਾਂ ’ਚ ਗੰਭੀਰ ਮਾਮਲਿਆਂ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੈ। 4 ਸਤੰਬਰ ਨੂੰ ਕੈਲਗਰੀ ਦੇ 11 ਡੇ-ਕੇਅਰਜ਼ ਈ.-ਕੋਲਾਈ ਫੈਲਣ ਦਾ ਪ੍ਰਕੋਪ ਐਲਾਨਣ ਮਗਰੋਂ ਬੁੱਧਵਾਰ ਤੱਕ ਬੈਕਟੀਰੀਆ ਦੀ ਲਾਗ ਦੇ 310 ਲੈਬ-ਪੁਸ਼ਟੀ ਕੇਸ ਸਨ।
ਅਲਬਰਟਾ ਚਿਲਡਰਨ ਹਸਪਤਾਲ ਵਿਖੇ ਪੀਡੀਆਟ੍ਰਿਕ ਐਮਰਜੈਂਸੀ ਮੈਡੀਸਨ ਦੇ ਸੈਕਸ਼ਨ ਚੀਫ਼ ਡਾ. ਤਾਨੀਆ ਪ੍ਰਿੰਸੀਪੀ ਦਾ ਕਹਿਣਾ ਹੈ ਕਿ ਕੁੱਲ ਕੇਸਾਂ ਦੀ ਗਿਣਤੀ ’ਚ ਵਾਧਾ ਜ਼ਿਆਦਾਤਰ ਲੈਬ ਨਤੀਜੇ ਪ੍ਰਾਪਤ ਕਰਨ ਵਿੱਚ ਦੇਰੀ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਿਭਾਗਾਂ ਵਿੱਚ ਗੰਭੀਰ ਬਿਮਾਰੀ ਵਾਲੇ ਬੱਚਿਆਂ ਦੀ ਗਿਣਤੀ ’ਚ ਕਮੀ ਆਈ ਹੈ ਅਤੇ ਪ੍ਰਕੋਪ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 14 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
21 ਬੱਚੇ ਅਜੇ ਵੀ ਅਲਬਰਟਾ ਚਿਲਡਰਨ ਹਸਪਤਾਲ ’ਚ ਦੇਖਭਾਲ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ’ਚੋਂ 20 ਨੂੰ ਹੈਮੋਲਾਈਟਿਕ ਯੂਰੇਮਿਕ ਸਿੰਡਰੋਮ ਹੈ, ਜੋ ਖੂਨ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਪੇਚੀਦਗੀ ਹੈ। ਸੱਤ ਮਰੀਜ਼ ਪੈਰੀਟੋਨਿਅਲ ਡਾਇਲਸਿਸ ’ਤੇ ਹਨ, ਜੋ ਕਿ ਖੂਨ ਤੋਂ ਰਹਿੰਦ-ਖੂੰਹਦ ਨੂੰ ਹਟਾਉਣ ਦਾ ਇੱਕ ਤਰੀਕਾ ਹੈ ਅਤੇ ਕਿਡਨੀ ਫੇਲ੍ਹ ਹੋਣ ਦਾ ਇਲਾਜ ਹੈ।
ਦੱਸ ਦਈਏ ਕਿ ਈ. ਕੋਲਾਈ ਇਕ ਤਰ੍ਹਾਂ ਦਾ ਬੈਕਟੀਰੀਆ ਹੈ ਜੋ ਇਨਸਾਨਾਂ ਅਤੇ ਜਾਨਵਰਾਂ ਦੇ ਪੇਟ ’ਚ ਹਮੇਸ਼ਾ ਰਹਿੰਦਾ ਹੈ। ਇਸ ਬੈਕਟੀਰੀਆ ਦੇ ਜ਼ਿਆਦਾਤਰ ਰੂਪ ਨੁਕਸਾਨਦੇਹ ਨਹੀਂ ਹੁੰਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਪੇਟ ਵਿਚ ਕੜਵੱਲ ਅਤੇ ਦਸਤ ਵਰਗੇ ਲੱਛਣਾਂ ਦਾ ਕਾਰਨ ਬਣਦੇ ਹਨ, ਕਈ ਵਾਰ ਇਹਨਾਂ ਦੇ ਕਾਰਨ ਲੋਕਾਂ ਦੇ ਗੁਰਦਿਆਂ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜੇਕਰ ਅਜਿਹਾ ਤਾਂ ਸੰਕਰਮਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ।