ਨਹਾਉਣ ਗਏ 2 ਬੱਚੇ ਛੱਪੜ ਵਿਚ ਡੁੱਬੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਮੌ.ਤ

ਡੈਸਕ- ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਕੁਲਾਮ ‘ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਦਰਅਸਲ ਛੱਪੜ ਵਿਚ ਨਹਾਉਣ ਗਏ ਪਿੰਡ ਦੇ ਦੋ ਨੌਜਵਾਨ ਪੈਰ ਫਿਸਲਣ ਕਾਰਨ ਡਿੱਗ ਗਏ। ਇਕ ਬੱਚਾ ਤਾਂ ਬਾਹਰ ਆ ਗਿਆ ਪਰ ਦੂਜਾ ਪੈਰ ਫਸਣ ਕਾਰਨ ਬਾਹਰ ਨਹੀਂ ਆ ਸਕਿਆ। ਗੋਤਾਖੋਰਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਬਾਲ ਅਤੇ ਮਹਿਲਾ ਅਤੇ ਸਿਟੀ ਪੁਲਿਸ ਮੌਕੇ ’ਤੇ ਪਹੁੰਚ ਗਈ।

ਜੋਗਿੰਦਰ ਪਾਲ ਪਿੰਡ ਕੁਲਾਮ ਦੇ ਪੰਚਾਇਤ ਮੈਂਬਰ ਨੇ ਦਸਿਆ ਕਿ ਪਿੰਡ ਵਿਚ ਛੱਪੜ ਹੈ, ਜਿਥੇ ਬੱਚੇ ਅਕਸਰ ਨਹਾਉਂਦੇ ਸਨ। ਮੰਗਲਵਾਰ ਨੂੰ ਵੀ 2 ਬੱਚੇ ਨਹਾਉਣ ਗਏ ਸਨ, ਜਿਨ੍ਹਾਂ ‘ਚੋਂ ਇਕ ਬੱਚਾ ਡੁੱਬ ਗਿਆ। ਮ੍ਰਿਤਕ ਬੱਚੇ ਦੀ ਵਿਧਵਾ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੋਕਾਂ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਪੜ੍ਹਾਈ ਵੀ ਕਰਦਾ ਸੀ।

ਡੀ.ਐਸ.ਪੀ. ਸ਼ਾਹਬਾਜ਼ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ 112 ਕੰਟਰੋਲ ਨੰਬਰ ’ਤੇ ਫੋਨ ਆਇਆ ਕਿ ਪਿੰਡ ਕੁਲਾਮ ਵਿਚ ਇਕ ਬੱਚਾ ਛੱਪੜ ਵਿਚ ਡੁੱਬ ਗਿਆ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰ ਦਾ ਪ੍ਰਬੰਧ ਕੀਤਾ ਅਤੇ ਛੱਪੜ ‘ਚ ਬੱਚੇ ਦੀ ਭਾਲ ਸ਼ੁਰੂ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।