BSF ਵੱਲੋਂ ਪਾਕਿਸਤਾਨੀ ਨੌਜਵਾਨ ਪਾਕਿਸਤਾਨ ਰੇਂਜਰਾਂ ਦੇ ਹਵਾਲੇ

ਅੰਮ੍ਰਿਤਸਰ : ਬੀ.ਐੱਸ.ਐਫ. ਪੰਜਾਬ ਫ਼ਰੰਟੀਅਰ ਨੇ ਦੱਸਿਆ ਕਿ ਇਕ ਪਾਕਿਸਤਾਨੀ ਨਾਗਰਿਕ ਜੋ ਅਣਜਾਣੇ ਵਿਚ ਭਾਰਤੀ ਖੇਤਰ ਵਿਚ ਦਾਖਲ ਹੋ ਗਿਆ ਸੀ। ਉਸ ਨੂੰ ਬੀ.ਐੱਸ.ਐਫ. ਨੇ ਸਦਭਾਵਨਾ ਵਜੋਂ ਅਤੇ ਮਨੁੱਖੀ ਆਧਾਰ ‘ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਇਹ ਨੌਜਵਾਨ ਆਈ.ਬੀ. ਪਾਰ ਕਰ ਗਿਆ ਸੀ ਅਤੇ 26 ਨਵੰਬਰ ਨੂੰ ਬੀ.ਐੱਸ.ਐਫ. ਦੇ ਜਵਾਨਾਂ ਵਲੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਕੰਡਿਆਲੀ ਤਾਰ ਦੇ ਪਾਰੋਂ ਉਸ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਪਾਕਿਸਤਾਨੀ ਨੌਜਵਾਨ ਦਾ ਨਾਮ ਇਮਰਾਨ ਅਹਿਮਦ ਸੀ ਅਤੇ ਉਸ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ। ਉਸ ਪਕਿਸਤਾਨੀ ਨੌਜਵਾਨ ਕੋਲੋਂ ਪਾਕਿਸਤਾਨੀ ਕਰੰਸੀ ਤੋਂ ਇਲਾਵਾ ਹੋਰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਸੀ ਹੋਈ।

ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਲੁੱਟਮਾਰ
ਸੁਲਤਾਨਪੁਰ ਲੋਧੀ : ਬੀਤੀ ਰਾਤ ਸੁਲਤਾਨਪੁਰ ਲੋਧੀ ਵਿਖੇ ਖ਼ਾਲਸਾ ਸੁਪਰ ਸਟੋਰ ‘ਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਲੁੱਟਮਾਰ ਕੀਤੀ ਗਈ। ਲੁਟੇਰਿਆਂ ਵਲੋਂ ਖੋਹੇ ਗਏ ਮੋਬਾਈਲ ਫ਼ੋਨ ਕੁਝ ਦੂਰੀ ਤੋਂ ਪ੍ਰਾਪਤ ਹੋ ਗਏ।

ਸੁਲਤਾਨਪੁਰ ਲੋਧੀ ਦੀ ਪੁੱਡਾ ਕਾਲੋਨੀ ‌ਵਿਚ 4 ਹਥਿਆਰਬੰਦ ਲੁਟੇਰਿਆਂ ਨੇ ਖ਼ਾਲਸਾ ਸੁਪਰ ਸਟੋਰ ’ਤੇ ਪਿਸਤੌਲ ਦੀ ਨੋਕ ’ਤੇ ਲੁੱਟਮਾਰ ਕਰਦਿਆਂ 40000 ਦੇ ਕਰੀਬ ਰੁਪਏ ਕਾਊਂਟਰ ਤੋਂ ਲੁੱਟ ਲਏ ਅਤੇ ਫ਼ਰਾਰ ਹੋ ਗਏ ।

ਵਰਨਣਯੋਗ ਹੈ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਰਿਹਾਇਸ਼ ਘਟਨਾ ਵਾਲ਼ੇ ਸਥਾਨ ਤੋਂ ਮਹਿਜ਼ 100 ਮੀਟਰ ਦੂਰੀ ‘ਤੇ ਹੈ ਅਤੇ ਕੱਲ੍ਹ ਇਸ ਘਟਨਾ ਤੋਂ ਇਕ ਘੰਟਾ ਪਹਿਲਾਂ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਆਏ ਸਨ।

ਸੁਰੱਖਿਆ ਦੇ ਭਾਰੀ ਪ੍ਰਬੰਧਾਂ ਦੇ ਬਾਵਜੂਦ ਹੋਈ ਲੁੱਟ ਮਾਰ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਥਿਆਰਾਂ ਦੀ ਨੋਕ ’ਤੇ ਸ਼ਰੇਆਮ ਹੋਈ ਲੁੱਟਮਾਰ ਤੋਂ ਬਾਅਦ ਇਲਾਕੇ ਵਿਚ ਭਾਰੀ ਡਰ ਪਾਇਆ ਜਾ ਰਿਹਾ ਹੈ।

ਅੱਗ ਲੱਗਣ ਨਾਲ ਘਰ ਸੜ ਕੇ ਸੁਆਹ
ਖੇਮਕਰਨ : ਇਥੇ ਇਕ ਗਰੀਬ ਪਰਿਵਾਰ ਦਾ ਘਰ ਮੋਮਬੱਤੀ ਨਾਲ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋ ਗਿਆ। ਘਰਵਾਲੇ ਬੇਘਰ ਹੋ ਗਏ। ਪੀੜਤ ਰਾਜ ਮਸੀਹ ਆਪਣੀ ਬਿਮਾਰ ਪਤਨੀ ਨੂੰ ਛੋਟੇ ਬੱਚਿਆਂ ਸਮੇਤ ਇਲਾਜ ਲਈ ਸੁਰ ਸਿੰਘ ਹਸਪਤਾਲ ਲੈ ਕੇ ਗਿਆ ਸੀ।

ਬਿਜਲੀ ਸਪਲਾਈ ਠੱਪ ਹੋਣ ਕਾਰਨ ਘਰ ‘ਚ ਮੋਮਬੱਤੀ ਲਗਾਈ ਹੋਈ ਸੀ ਜੋ ਕਿ ਜਗਦੀ ਰਹਿ ਗਈ ਤੇ ਉਸ ਨਾਲ ਲੱਗੀ ਭਿਆਨਕ ਅੱਗ ਨਾਲ ਸਾਮਾਨ ਸਮੇਤ ਘਰ ਸੜ ਕੇ ਸੁਆਹ ਹੋ ਗਿਆ।

ਟੀਵੀ ਪੰਜਾਬ ਬਿਊਰੋ