FIFA Women’s World Cup ’ਚੋਂ ਬਾਹਰ ਹੋਈ ਕੈਨੇਡੀਅਨ ਟੀਮ, ਆਸਟ੍ਰੇਲੀਆ ਨੇ 4-0 ਨਾਲ ਹਰਾ ਕੇ ਆਸਾਂ ’ਤੇ ਫੇਰਿਆ ਪਾਣੀ

Melbourne – ਆਪਣੇ ਆਖਰੀ ਗਰੁੱਪ ਮੈਚ “ਚ ਆਸਟਰੇਲੀਆ ਤੋਂ 4-0 ਨਾਲ ਹਾਰ ਕੇ ਕੈਨੇਡਾ ਫੀਫਾ ਮਹਿਲਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇਸ ਜਿੱਤ ਤੋਂ ਬਾਅਦ ਸਹਿ-ਮੇਜ਼ਬਾਨ ਆਸਟਰੇਲੀਆ ‘ਗਰੁੱਬ-ਬੀ’ ’ਚ ਟਾਪ ’ਤੇ ਪਹੁੰਚ ਗਿਆ ਹੈ ਅਤੇ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ ’ਤੇ ਨਾਈਜੀਰੀਆ ਹੈ।
ਇਸ ਵਾਰ ਦਾ ਇਹ ਵਿਸ਼ਵ ਕੱਪ ਕੈਨੇਡਾ ਲਈ ਕਾਫ਼ੀ ਨਿਰਾਸ਼ਾਜਨਕ ਰਿਹਾ। ਕੈਨੇਡੀਅਨ ਟੀਮ ਨੇ ਆਪਣਾ ਪਹਿਲਾ ਮੈਚ ਨਾਈਜੀਰੀਆ ਵਿਰੁੱਧ ਡਰਾਅ ਕੀਤਾ ਅਤੇ ਉਸ ਨੇ ਡੈਬਿਊ ਕਰਨ ਵਾਲੇ ਆਇਰਲੈਂਡ ਵਿਰੁੱਧ 2-1 ਨਾਲ ਜਿੱਤ ਦਰਜ ਕੀਤੀ ਸੀ। ਜੇਕਰ ਇਸ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਮੈਚ ਦੇ ਸ਼ੁਰੂਆਤ ਤੋਂ ਹੀ ਮੁਕਾਬਲਾ ਇਕ ਪਾਸੜ ਰਿਹਾ ਅਤੇ ਆਸਟ੍ਰੇਲੀਆ ਨੇ ਕੈਨੇਡਾ ਨੂੰ ਗੋਲ ਕਰਨ ਦਾ ਇੱਕ ਵੀ ਮੌਕਾ ਨਾ ਦਿੱਤਾ। ਸ਼ੁਰੂਆਤ ਤੋਂ ਹੀ 2-0 ਨਾਲ ਪੱਛੜ ਰਹੀ ਨੂੰ ਕੈਨੇਡਾ ਦੀ ਟੀਮ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਘੰਟੇ ਤੋਂ ਠੀਕ ਪਹਿਲਾਂ ਮੈਰੀ ਫਾਊਲਰ ਨੇ ਗੋਲ ਕੀਤਾ ਅਤੇ ਸਕੋਰ 3-0 ਹੋ ਗਿਆ। ਇੰਨਾ ਹੀ ਨਹੀਂ ਸਟਾਪੈਜ ਟਾਈਮ ’ਚ ਆਸਟ੍ਰੇਲੀਆ ਵਲੋਂ ਸਟੀਫ ਕੈਟਲੀ ਨੇ ਪੈਨੇਲਟੀ ’ਤੇ ਗੋਲ ਕਰਕੇ ਕੈਨੇਡੀਅਨਾਂ ’ਤੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਸਾਲ 2011 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਫੀਫਾ ਵਿਸ਼ਵ ਕੱਪ ’ਚ ਗਰੁੱਪ ਰਾਊਂਡ ’ਚੋਂ ਬਾਹਰ ਹੋਇਆ ਹੈ। ਇਸ ਮੁਕਾਬਲੇ ਤੋਂ ਬਾਅਦ ਹੁਣ ਕੈਨੇਡੀਅਨ ਟੀਮ ਵਾਪਸ ਆਪਣੇ ਮੁਲਕ ਪਰਤ ਆਵੇਗੀ, ਜਿੱਥੇ ਕਿ ਉਸ ਵਲੋਂ ਪੈਰਿਸ ’ਚ ਹੋਣ ਵਾਲੀਆਂ ਆਗਾਮੀ ਓਲੰਪਿਕ ਖੇਡਾਂ ਦੀ ਤਿਆਰੀ ਕੀਤੀ ਜਾਵੇਗੀ।