ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਇਓਪੱਟੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਚੱਲ ਰਹੇ ਪ੍ਰੋਗਰਾਮਾਂ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਨੂੰ ਨਮਨ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੰਸ਼-ਵੰਸ਼, ਸਿੱਖ ਰਾਜਪੂਤ ਭਾਈਚਾਰੇ ਤੋਂ ਸਿਰੋਪਾਓ ਦੀ ਬਖਸ਼ਿਸ਼ ਲੈਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਪ੍ਰੈਸ ਨੂੰ ਮੁਖਾਤਬ ਹੁੰਦਿਆਂ ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਸੱਤਾ ਵਿਚ ਆਕੇ ਸਿੱਖ ਰਾਜਪੂਤ ਭਾਈਚਾਰੇ ਦੀਆਂ ਹਰ ਤਰ੍ਹਾਂ ਦੀਆਂ ਮੰਗਾਂ ਮੁਸ਼ਕਿਲਾਂ ਨੂੰ ਤੁਰੰਤ ਮੰਨਕੇ ਸਿੱਖ ਰਾਜਪੂਤ ਭਾਈਚਾਰੇ ਦਾ ਮਾਨ ਸਨਮਾਨ ਬਹਾਲ ਕਰੇਗੀ।
ਸਰਦਾਰ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮੇਸ਼ ਪਿਤਾ ਦੇ ਸੁਪਨਿਆਂ ਦਾ ‘ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ’ ਦਾ ਰਾਜ, ਜ਼ੁਲਮ ਦੀ ਹਕੂਮਤ ਸੂਬਾ ਸਰਹੰਦ ਨੂੰ ਢਾਹਕੇ ਪੂਰਾ ਕਰਕੇ ਦਿਖਾਇਆ ਸੀ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਜੋ ਰਾਜ ਭਾਗ ਲਿਆਂਦਾ ਸੀ ਉਹ ਗੁਰੂਆਂ ਦੇ ਸੁਪਨਿਆਂ ਦਾ ਬੇਗਮਪੁਰਾ ਸੀ, ਜਿਸ ਵਿਚ ਜਾਤੀ-ਧਰਮ ਦੇ ਵਿਤਕਰੇ ਤੋਂ ਉਪਰ ਉਠ ਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਅਤੇ ਗਰੀਬਾਂ-ਬੇਸਹਾਰਿਆਂ ਨੂੰ ਆਸਰੇ ਦਿੱਤੇ ਗਏ ।
ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਰਭਜਨ ਸਿੰਘ ਬਲਾਲੋਂ, ਜਸਵੀਰ ਸਿੰਘ ਖਾਲਸਾ, ਰਾਜ ਕੁਮਾਰ ਪਾਂਛਟਾ ਆਦਿ ਸ਼ਾਮਲ ਸਨ।
ਟੀਵੀ ਪੰਜਾਬ ਬਿਊਰੋ