Washington- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਕੈਲੀਫੋਰਨੀਆ ਦੇ ਆਰੇਂਜ ਕਾਊਂਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਬਾਈਕਰਜ਼ ਬਾਰ ’ਚ ਹੋਈ ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਬੰਦੂਕਧਾਰੀ ਵੀ ਉਨ੍ਹਾਂ ਚਾਰ ਲੋਕਾਂ ’ਚੋਂ ਇੱਕ ਸੀ, ਜਿਸ ਦੀ ਆਰੇਂਜ ਕਾਊਂਟੀ ਕੁੱਕ ਕਾਰਨਰ ’ਚ ਗੋਲੀਬਾਰੀ ਦੌਰਾਨ ਮੌਤ ਹੋ ਗਈ। ਕਾਊਂਟੀ ਫਾਇਰ ਵਿਭਾਗ ਦੇ ਮੁਖੀ ਬ੍ਰਾਇਨ ਫੈਨੇਸੀ ਨੇ ਦੱਸਿਆ ਕਿ ਜ਼ਖ਼ਮੀ ਹੋਏ ਛੇ ਲੋਕਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ।
ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮੀਂ 7 ਵਜੇ ਦੇ ਕਰੀਬ ਇੱਕ ਬਾਰ ’ਚ ਹੋਈ, ਜਿੱਥੇ ਕਿ ਇੱਕ ਸਪੇਗੇਟੀ ਨਾਈਟ ਅਤੇ ਰਾਕ ਸੰਗੀਤ ਸ਼ੋਅ ਚੱਲ ਰਿਹਾ ਸੀ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੁੱਢਲੇ ਤੌਰ ’ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲਾ ਇੱਕ ਸਾਬਕਾ ਕਾਨੂੰਨ ਪਰਿਵਰਤਨ ਅਧਿਕਾਰੀ ਸੀ ਅਤੇ ਇਹ ਗੋਲੀਬਾਰੀ ਉਕਤ ਅਧਿਕਾਰੀ ਅਤੇ ਉਸ ਦੀ ਪਤਨੀ ਵਿਚਾਲੇ ਹੋਏ ਇੱਕ ਘਰੇਲੂ ਝਗੜੇ ਦੇ ਰੂਪ ’ਚ ਸ਼ੁਰੂ ਹੋਈ।
ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਘੱਟੋ-ਘੱਟ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਆਰੇਂਜ ਕਾਊਂਟੀ ਦੇ ਸੈਨੇਟਰ ਡੇਵ ਮਿਨ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਖ਼ਬਰ ਸੁਣ ਕੇ ਉਹ ਦੁਖੀ ਹਨ। ਉਨ੍ਹਾਂ ਕਿਹਾ, ‘‘ਸਾਡਾ ਜ਼ਿਲ੍ਹਾ ਦੇਸ਼ ਦੇ ਸਭ ਤੋਂ ਸੁਰੱਖਿਅਤ ਖੇਤਰਾਂ ’ਚੋਂ ਇੱਕ ਹੈ ਅਤੇ ਫਿਰ ਵੀ ਅਸੀਂ ਵਾਰ-ਵਾਰ ਸਮੂਹਿਕ ਗੋਲੀਬਾਰੀ ਦੀ ਬਿਪਤਾ ਤੋਂ ਪੀੜਤ ਹਾਂ।’’
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਹੁਣ ਆਮ ਬਣਦੀਆਂ ਜਾ ਰਹੀਆਂ ਹਨ। ਗਨ ਵਾਇਲੈਂਸ ਆਰਕਾਈਵ ਮੁਤਾਬਕ ਬੰਦੂਕ ਹਿੰਸਾ ਅਮਰੀਕੀ ਜੀਵਨ ਦਾ ਇੱਕ ਹਿੱਸਾ ਹੈ ਅਤੇ ਇਕੱਲੇ ਸਾਲ 2023 ’ਚ 400 ਤੋਂ ਵੱਧ ਥਾਵਾਂ ’ਤੇ ਸਮੂਹਿਕ ਗੋਲੀਬਾਰੀ ਹੋਈ ਹੈ।
ਅਮਰੀਕਾ ’ਚ ਗੰਨ ਕੰਟਰੋਲ ਇੱਕ ਸਿਆਸੀ ਤੌਰ ’ਤੇ ਚਾਰਜ ਵਾਲਾ ਵਿਸ਼ਾ ਹੈ। ਬਹੁਤ ਸਾਰੇ ਲੋਕ ਅਮਰੀਕਾ ’ਚ ਸਖ਼ਤ ਬੰਦੂਕ ਕਾਨੂੰਨ ਦੇ ਹੱਕ ’ਚ ਹਨ, ਜਦਕਿ ਕਾਫ਼ੀ ਰੀਪਬਲਕਿਨ ਅਜਿਹੇ ਕਦਮ ਦਾ ਵਿਰੋਧ ਕਰਦੇ ਹਨ।