ਡੈਸਕ- ਕੈਨੇਡੇ ਦੀ ਆਬਾਦੀ ਚਾਰ ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਦੇਸ਼ ਵਿੱਚ ਮੌਤਾਂ ਅਤੇ ਨਵੇਂ ਜਨਮ ਦੇ ਹਿਸਾਬ ਰੱਖਣ ਵਾਲੀ ਸੰਸਥਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਕੈਨੇਡਾ ਵਿੱਚ 4 ਕਰੋੜਵੇਂ ਬੱਚੇ ਨੇ ਜਨਮ ਲਿਆ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਆਬਾਦੀ ਵਧਣ ਦੀ ਰਫ਼ਤਾਰ ਮੌਜੂਦਾ ਹਿਸਾਬ ਨਾਲ ਰਹੀ ਤਾਂ ਪੰਜ ਕਰੋੜ ਦੀ ਆਬਾਦੀ ਪਹੁੰਚਣ ਤੱਕ 20 ਸਾਲ ਲੱਗਣਗੇ ਅਤੇ 2043 ਤੱਕ ਹੀ 50 ਮਿਲੀਅਨ ਦਾ ਅੰਕੜਾ ਹਾਸਲ ਕੀਤਾ ਜਾ ਸਕਦਾ ਹੈ।
ਕੈਨੇਡਾ ਵਰਗੇ ਦੇਸ਼ ਨੇ ਪ੍ਰਵਾਸੀਆਂ ਨੂੰ ਹੱਸ ਕੇ ਸਵਿਕਾਰ ਕੀਤਾ ਹੈ। ਹਰ ਖੇਤਰ ਵਿੱਚ ਪ੍ਰਵਾਸੀਆਂ ਨੇ ਮੱਲਾਂ ਮਾਰੀਆਂ ਹਨ। ਅੱਜ ਕੈਨੇਡਾ ਵਿੱਚ ਹਰ ਦੇਸ਼ ਦੇ ਲੋਕ ਆ ਕੇ ਵਸੇ ਹੋਏ ਹਨ। ਜਿਹਨਾਂ ਵਿੱਚ ਭਾਰਤੀ ਸਭ ਤੋਂ ਵੱਧ ਹਨ। ਕੈਨੇਡਾ ਦੀ ਵਸੋਂ ਵਧਣ ਵਿੱਚ ਪ੍ਰਵਾਸੀਆਂ ਦਾ 96 ਫੀਸਦ ਯੋਗਦਾਨ ਹੈ ਜਦਕਿ ਜਨਮ ਦਰ ਦੇ ਹਿਸਾਬ ਨਾਲ ਆਬਾਦੀ ਵਧਣ ਦੀ ਰਫ਼ਤਾਰ ਬਹੁਤ ਘੱਟ ਹੈ। ਪਿਛਲੇ ਸਾਲ ਕੈਨੇਡਾ ਵਿੱਚ ਆਬਾਦੀ ਵਧਣ ਦੀ ਰਫ਼ਤਾਰ 2.7 ਫੀਸਦ ਰਹੀ ਸੀ ਜੋ 1957 ਤੋਂ ਬਾਅਦ ਸਭ ਤੋਂ ਉੱਚਾ ਅੰਕੜਾ ਮੰਨਿਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ 1957 ਵਿੱਚ 3.3 ਫੀਸਦ ਦੀ ਰਫ਼ਤਾਰ ਨਾਲ ਵਸੋਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ।
ਕੈਨੇਡਾ ਦੇ ਨੌਰਥ ਵੈਸਟ ਟੈਰੇਟ੍ਰੀਜ਼ ਨੂੰ ਛੱਡ ਕੇ ਹਰ ਇਲਾਕੇ ਵਿੱਚ ਝਾਤ ਮਾਰੀਏ ਤਾਂ ਇਹਨਾਂ ਇਲਾਕਿਆਂ ਵਿੱਚ ਆਬਾਦੀ ਲਗਾਤਾਰ ਵੱਧ ਰਹੀ ਹੈ। ਕੈਨੇਡਾ ਦੇ ਮੂਲ ਬਾਸ਼ਿੰਦੇ ਕੈਨੇਡਾ ਦੀ ਕੁੱਲ ਵਸੋਂ ਦਾ 5 ਫੀਸਦ ਹਿੱਸਾ ਹੈ। ਇਹਨਾਂ ਮੂਲ ਬਾਸ਼ਿੰਦਿਆਂ ਦੀ ਆਬਾਦੀ 9.4 ਫੀਸਦ ਦੀ ਦਰ ਨਾਲ ਵਧ ਰਹੀ ਹੈ।