ਸ਼੍ਰੀ ਆਨੰਦਪੁਰ ਸਾਹਿਬ- ਮਨੀਕਰਨ ਸਾਹਿਬ ਤੋਂ ਬਾਅਦ ਹੁਣ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੜਾਈ ਝਗੜੇ ਦੀ ਖਬਰ ਮਿਲੀ ਹੈ । ਸ੍ਰੀ ਆਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਦੀ ਪਹਿਲੀ ਰਾਤ ਇਕ ਨਿਹੰਗ ਦੇ ਬਾਣਾ ਪਹਿਨੇ ਵਿਅਕਤੀ ਦਾ ਕਤਲ ਕਰ ਦਿੱਤਾ। ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਆਉਣ ‘ਤੇ ਗੇਟ ਕੋਲ ਕੁਝ ਨਿਹੰਗ ਸਿੰਘ ਉਨ੍ਹਾਂ ਗੱਡੀਆਂ ਨੂੰ ਰੋਕ ਰਹੇ ਸਨ ਜੋ ਹੁੜਦੰਗ ਮਚਾ ਰਹੇ ਸਨ। ਨਾਲ ਹੀ ਬਿਨਾਂ ਸਾਇਲੈਂਸਰ ਬਾਈਕ ‘ਤੇ ਵੱਡੇ ਸਪੀਕਰ ਲਗਾ ਕੇ ਹੋਲਾ ਮਹੱਲੇ ‘ਤੇ ਜਾ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਇਕ ਟਰੈਕਟਰ ਨੂੰ ਰੋਕਣ ‘ਤੇ ਉਸ ਵਿਚ ਸਵਾਰ ਨੌਜਵਾਨਾਂ ਨਾਲ ਝਗੜਾ ਹੋ ਗਿਆ। ਉਸ ਝਗੜੇ ਵਿਚ ਲਗਭਗ 24 ਸਾਲ ਦੇ ਨੌਜਵਾਨ ਪ੍ਰਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਹਰਬੰਸ ਸਿੰਘ ਦੀ ਮੌਤ ਹੋ ਗਈ। ਮੌਕੇ ‘ਤੇ SHO ਸ੍ਰੀ ਆਨੰਦਪੁਰ ਸਾਹਿਬ ਸਿਮਰਨਜੀਤ ਸਿੰਘ ਪਹੁੰਚੇ। ਡੀਐੱਸਪੀ ਅਜੇ ਸਿੰਘ ਨੇ ਦੱਸਿਆ ਕਿ ਨੌਜਵਾਨ ਕੈਨੇਡਾ ਦਾ ਪੀਆਰ ਸੀ ਤੇ ਹੋਲੇ ਮਹੱਲੇ ਵਿਚ ਨਿਹੰਗ ਬਾਣੇ ਵਿਚ ਆਇਆ ਸੀ। ਪ੍ਰਦੀਪ ਸਿੰਘ ਉਰਫ ਪ੍ਰਿੰਸ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦਾ ਰਹਿਣ ਵਾਲਾ ਸੀ। ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਕਤਲ ਕਰਨ ਵਾਲੇ ਦੀ ਪਛਾਣ ਨਿਰੰਜਣ ਸਿੰਘ ਵਾਸੀ ਨੂਰਪੁਰਬੇਦੀ ਵਜੋਂ ਹੋਈ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮ ਦੀ ਜੀਪ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਮੁਲਜ਼ਮ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਅਧੀਨ ਹੈ ਜਿਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਦੀਪ ਸਿੰਘ (24) ਪੁੱਤਰ ਗੁਰਬਖ਼ਸ਼ ਸਿੰਘ ਕੈਨੇਡਾ ਦਾ ਸਥਾਈ ਵਸਨੀਕ ਸੀ ਤੇ ਛੇ ਮਹੀਨੇ ਪਹਿਲਾਂ ਪਿੰਡ ਆਇਆ ਸੀ। ਪ੍ਰਿੰਸ ਨੇ 17 ਮਾਰਚ ਨੂੰ ਵਾਪਸ ਕੈਨੇਡਾ ਜਾਣਾ ਸੀ।