ਮੋਦੀ ਸਰਕਾਰ ਨੇ ਜਨਤਾ ਨੂੰ ‘ਪ੍ਰੇਸ਼ਾਨ’ ਕਰਨ ਦੇ ਰਿਕਾਰਡ ਬਣਾਏ : ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਐਤਵਾਰ ਨੂੰ ਕੇਂਦਰ ‘ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਜਨਤਾ ਨੂੰ ‘ਪ੍ਰੇਸ਼ਾਨ’ ਕਰਨ ਦੇ ਰਿਕਾਰਡ ਬਣਾਏ ਹਨ।

ਕਾਂਗਰਸ ਨੇਤਾ ਪ੍ਰਿਅੰਕਾ ਨੇ ਟਵਿੱਟਰ ‘ਤੇ ਇਕ ਮੀਡੀਆ ਰਿਪੋਰਟ ਸਾਂਝੀ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਪੈਟਰੋਲ ਦੀਆਂ ਕੀਮਤਾਂ ਵਿਚ ਰਿਕਾਰਡ 23.53 ਰੁਪਏ ਦਾ ਵਾਧਾ ਹੋਇਆ ਹੈ।

ਪ੍ਰਿਅੰਕਾ ਨੇ ਹਿੰਦੀ ਵਿਚ ਟਵੀਟ ਕੀਤਾ, “ਮੋਦੀ ਜੀ ਦੀ ਸਰਕਾਰ ਨੇ ਜਨਤਾ ਨੂੰ ਦੁੱਖ ਪਹੁੰਚਾਉਣ ਦੇ ਮਾਮਲੇ ਵਿਚ ਬਹੁਤ ਵੱਡੇ ਰਿਕਾਰਡ ਬਣਾਏ ਹਨ। ਸਭ ਤੋਂ ਵੱਧ ਬੇਰੁਜ਼ਗਾਰੀ : ਮੋਦੀ ਸਰਕਾਰ ਵਿਚ, ਸਰਕਾਰੀ ਸੰਪਤੀ ਵੇਚੀ ਜਾ ਰਹੀ ਹੈ : ਮੋਦੀ ਸਰਕਾਰ ਵਿਚ, ਇਕ ਸਾਲ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ : ਮੋਦੀ ਸਰਕਾਰ ਵਿਚ।”

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਉਹੀ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਸਰਕਾਰ ਉੱਤੇ ਹਮਲਾ ਬੋਲਿਆ ਅਤੇ ਟਵੀਟ ਕੀਤਾ, “ਅੱਛਾ ਦਿਨ”. ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਵਿਚ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਮਈ 2020 ਦੀ ਸ਼ੁਰੂਆਤ ਤੋਂ 18 ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਪੈਟਰੋਲ 36 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਇਸ ਦੌਰਾਨ ਡੀਜ਼ਲ ਦੀਆਂ ਕੀਮਤਾਂ ‘ਚ 26.58 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 107.24 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 95.97 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਟੀਵੀ ਪੰਜਾਬ ਬਿਊਰੋ