Vancouver – ਅਮਰੀਕਾ ਵੱਲੋਂ ਬਾਰਡਰ ਖੋਲ੍ਹਣ ਬਾਰੇ ਐਲਾਨ ਕਰ ਦਿੱਤਾ ਗਿਆ ਹੈ। ਹੁਣ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਲਗਵਾ ਚੁੱਕੇ ਕੈਨੇਡੀਅਨਜ਼ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਬਾਰਡਰ ਅਤੇ ਫ਼ੈਰੀ ਰਾਹੀਂ ਅਮਰੀਕਾ ਦਾਖ਼ਲ ਹੋ ਸਕਣਗੇ।ਇਸ ਬਾਰੇ ਯੂਐਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਐਲਾਨ ਕੀਤਾ ਗਿਆ। ਜਿਸ ‘ਚ ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਮੈਕਸਿਕੋ ਨਾਲ ਬਾਰਡਰ ਖੋਲਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਦੱਸਦਈਏ ਕਿ ਕੋਰੋਨਾ ਮਹਾਮਾਰੀ ਕਰਕੇ ਮਾਰਚ 2020 ਤੋਂ ਹੀ ਯੂ ਐਸ ਵੱਲੋਂ ਗ਼ੈਰ-ਜ਼ਰੂਰੀ ਯਾਤਰਾ ਲਈ ਲੈਂਡ ਬੌਰਡਰ ਬੰਦ ਕੀਤਾ ਹੋਇਆ ਹੈ। ਜੋ ਹੁਣ ਲੰਬੇ ਸਮੇਂ ਬਾਅਦ ਬੰਦ ਪਿਆ ਬਾਰਡਰ ਖੁੱਲ੍ਹਣ ਜਾ ਰਿਹਾ ਹੈ। ਫਿਲਹਾਲ ਇਸ ਦੀ ਸਪਸ਼ਟ ਤਰੀਕ ਸਾਂਝੀ ਨਹੀਂ ਕੀਤੀ ਗਈ। ਹਾਲ ਹੀ ‘ਚ ਅਮਰੀਕਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਵੱਲੋਂ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਮਨਜ਼ੂਰ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਅਗਸਤ ਮਹੀਨੇ ਵਿਚ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਵਾਲੇ ਅਮਰੀਕੀ ਯਾਤਰੀਆਂ ਲਈ ਬਾਰਡਰ ਖੋਲ ਦਿੱਤਾ ਸੀ, ਜਿਸ ਤੋਂ ਬਾਅਦ ਬਾਰ ਬਾਰ ਇਹ ਸਵਾਲ ਉਠ ਰਿਹਾ ਸੀ ਕਿ ਅਮਰੀਕਾ ਵੱਲੋਂ ਇਸ ਤਰ੍ਹਾਂ ਕਿਉਂ ਨਹੀਂ ਕੀਤਾ ਗਿਆ। ਲਗਾਤਰ ਮੰਗ ਉੱਠ ਰਹੀ ਸੀ ਕਿ ਬਾਰਡਰ ਨੂੰ ਖੋਲ੍ਹ ਦੇਣਾ ਚਾਹੀਦਾ ਹੈ। ਇਸ ਬੰਦ ਪਏ ਬਾਰਡਰ ਦਾ ਅਸਰ ਆਰਥਿਕਤਾ ‘ਤੇ ਵੀ ਪੈ ਰਿਹਾ ਸੀ। ਕੈਨੇਡਾ ਪਹਿਲਾ ਹਵਾਈ ਸਫ਼ਰ ਕਰਕੇ ਤਾਂ ਅਮਰੀਕਾ ਜਾਸਕਦਾ ਸੀ ਪਰ, ਬਾਰਡਰ ਰਾਹੀਂ ਦਾਖ਼ਲੇ ਦੀ ਇਜ਼ਾਜਤ ਨਹੀਂ ਸੀ। ਇਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਸਨ।
ਅਮਰੀਕਾ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਹੁਣ ਟਰੱਕ ਡਰਾਈਵਰਾਂ ਲਈ ਵੀ ਵੈਕਸੀਨ ਲਗਵਾਉਣੀ ਜ਼ਰੂਰੀ ਹੋਵੇਗੀ। ਜਨਵਰੀ 2022 ਤੋਂ, ਟਰੱਕ ਡਰਾਇਵਰਾਂ ਸਮੇਤ ਅਸੈਂਸ਼ੀਅਲ ਵਰਕਰਜ਼ ਵੀ, ਜ਼ਮੀਨੀ ਸਰਹੱਦ ਪਾਰ ਕਰਨ ਲੱਗਿਆਂ ਲਾਜ਼ਮੀ ਵੈਕਸੀਨੇਸ਼ਨ ਦੇ ਦਾਇਰੇ ਵਿਚ ਆ ਜਾਣਗੇ। ਮੌਜੂਦਾ ਬਾਰਡਰ ਰੋਕਾਂ 21 ਅਕਤੂਬਰ ਨੂੰ ਖ਼ਤਮ ਹੋ ਰਹੀਆਂ ਸਨ,ਪਰ ਹੁਣ ਇਹ ਰੋਕਾਂ ਨਵੇਂ ਨਿਯਮ ਲਾਗੂ ਹੋਣ ਤੱਕ ਜਾਰੀ ਰਹਿਣਗੀਆਂ।