Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੀਜਿੰਗ ਖੇਡਾਂ ਬਾਰੇ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵੱਲੋਂ ਬੀਜਿੰਗ ਵਿਚ ਆਯੋਜਿਤ ਕੀਤੀਆਂ ਜਾਣ ਵਾਲੀਆਂ 2022 ਦੀਆਂ ਵਿੰਟਰ ਓਲੰਪਿਕਸ ਖੇਡਾਂ ਦਾ ਕੂਟਨੀਤਕ ਬਾਈਕਾਟ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਕੋਈ ਫ਼ੈਡਰਲ ਅਧਿਕਾਰੀ ਇਨ੍ਹਾਂ ਖੇਡਾਂ ਵਿਚ ਸ਼ਾਮਲ ਨਹੀਂ ਹੋਵੇਗਾ ਪਰ ਕੈਨੇਡੀਅਨ ਅਥਲੀਟਾਂ ਨੂੰ ਇਸ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।
ਕੈਨੇਡਾ ਤੋਂ ਇਲਾਵਾ ਯੂ ਐਸ, ਯੂ ਕੇ ਅਤੇ ਆਸਟ੍ਰੇਲੀਆ ਵੱਲੋਂ ਪਹਿਲਾਂ ਹੀ ਬਿਜਿੰਗ ਓਲੰਪਿਕਸ ਵਿਚ ਆਪਣੇ ਅਧਿਕਾਰਕ ਵਫ਼ਦ ਨਾ ਭੇਜਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦੇਸ਼ਾਂ ਵੱਲੋਂ ਇਹ ਕਦਮ ਇਸ ਕਰਕੇ ਚੁੱਕਿਆ ਗਿਆ ਤਾਂ ਕਿ ਚੀਨ ਨੂੰ ਇਹ ਸਮੂਹਿਕ ਸੰਦੇਸ਼ ਭੇਜਣ ਦੀ ਕੋਸ਼ਿਸ਼ ਹੈ ਕਿ ਉਸ ਦੇ ਮਨੱਖੀ ਅਧਿਕਾਰਾਂ ਦੇ ਘਾਣ ਨੂੰ ਅਣਦੇਖਾ ਨਹੀਂ ਕੀਤਾ ਜਾ ਰਿਹਾ। ਕੈਨੇਡਾ ਵਿਚ ਐਮਪੀਜ਼, ਸੈਨੇਟਰਜ਼ ਅਤੇ ਸਿਵਿਲ ਸੋਸਾਇਟੀ ਦੇ ਗਰੁੱਪਸ ਪਿਛਲੇ ਕਈ ਮਹੀਨਿਆਂ ਤੋਂ ਟਰੂਡੋ ਸਰਕਾਰ ‘ਤੇ ਦਬਾਅ ਬਣਾ ਰਹੇ ਸਨ ਕਿ ਉਹ ਹੌਂਗਕੌਂਗ ਵਿਚ ਲੰਕਤੰਤਰਿਕ ਅਧਿਕਾਰਾਂ ਦੇ ਘਾਣ ਅਤੇ ਵੀਗਰ ਮੁਸਲਿਮ ਘੱਟ-ਗਿਣਤੀ ਦੇ ਸ਼ੋਸ਼ਣ ਲਈ ਚੀਨ ਨੂੰ ਜਵਾਬਦੇਹ ਬਣਾਵੇ।ਇਸ ਸਾਲ ਦੀ ਸ਼ੁਰੂਆਤ ਵਿਚ ਹਾਊਸ ਆਫ਼ ਕਾਮਨਜ਼ ਵਿਚ ਇੱਕ ਮਤਾ ਪਾਸ ਕਰਕੇ ਚੀਨ ਦੇ ਸ਼ਿਨਜੈਂਗ ਸੂਬੇ ਵਿਚ ਘੱਟ ਗਿਣਤੀਆਂ ‘ਤੇ ਹੋ ਰਹੇ ਤਸ਼ੱਦਦ ਨੂੰ ‘ਨਸਲਕੁਸ਼ੀ’ ਐਲਾਨਿਆ ਗਿਆ ਸੀ।