ਦੋਰਾਹਾ – ਦੋਰਾਹਾ ਨੇਡ਼ੇ ਪਿੰਡ ਚਣਕੋਈਆਂ ਖੁਰਦ ਵਿਚ 65 ਸਾਲਾ ਕਾਂਗਰਸੀ ਆਗੂ ਜਗਦੇਵ ਸਿੰਘ ਮੂੰਡੀ ਦਾ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਕੈਨੇਡਾ ਤੋਂ ਆਏ ਹੋਏ ਸਨ।
ਜਾਣਕਾਰੀ ਮੁਤਾਬਕ ਮਰਹੂਮ ਜਗਦੇਵ ਸਿੰਘ ਸਾਬਕਾ ਮੈਂਬਰ ਪੰਚਾਇਤ ਸਨ। ਉਹ ਆਪਣੇ ਖੇਤਾਂ ਵਿਚ ਟਰੈਕਟਰ ਨਾਲ ਕੰਮ ਕਰ ਕੇ ਘਰ ਵਾਪਿਸ ਪਰਤੇ ਤੇ ਆਪਣੇ ਪਸ਼ੂਆਂ ਵਾਲੇ ਘਰ ਵਿਚ ਬੈਠ ਗਏ। ਜਦੋਂ ਦੁਪਹਿਰ ਸਮੇਂ ਉਨ੍ਹਾਂ ਦਾ ਪਰਵਾਸੀ ਕਾਮਾ ਪਸ਼ੂਆਂ ਨੂੰ ਚਾਰਾ ਪਾਉਣ ਗਿਆ ਤਾਂ ਉਸ ਨੇ ਦੇਖਿਆ ਕਿ ਕਿਸਾਨ ਕੁਰਸੀ ’ਤੇ ਪਿਆ ਹੋਇਆ ਸੀ ਤੇ ਉਨ੍ਹਾਂ ਦਾ ਕਤਲ ਹੋ ਚੁੱਕਿਆ ਸੀ। ਕਿਸਾਨ ਦੇ ਸਿਰ ’ਚ ਕਿਸੇ ਤੇਜ਼ਧਾਰ ਹਥਿਆਰ ਮਾਰਿਆ ਗਿਆ ਜਾਪ ਰਿਹਾ ਸੀ ਜਦਕਿ ਉਨ੍ਹਾਂ ਦੇ ਹੱਥਾਂ ਦੀ ਉਂਗਲੀ ਹੇਠਾਂ ਧਰਤੀ ’ਤੇ ਪਈ ਹੋਈ ਸੀ। ਇਸ ਕਤਲ ਬਾਰੇ ਪਤਾ ਚੱਲਦਿਆਂ ਹੀ ਜਿੱਥੇ ਪਿੰਡ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪੁੱਜਣੇ ਸ਼ੁਰੂ ਹੋ ਗਏ ਸਨ।
ਡੀਐੱਸਪੀ ਪਾਇਲ ਹਰਵਿੰਦਰ ਸਿੰਘ ਖਹਿਰਾ, ਐੱਸਐੱਚਓ ਦੋਰਾਹਾ ਲਖਵੀਰ ਸਿੰਘ, ਵਿਨੋਦ ਕੁਮਾਰ ਦੇ ਇੰਚਾਰਜ ਸੀਆਈਏ ਸਮੇਤ ਵੱਡੀ ਗਿਣਤੀ ਵਿਚ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤਕ ਕਤਲ ਦਾ ਕੋਈ ਸੁਰਾਗ ਨਹੀਂ ਮਿਲਆ ਸੀ।
ਦੱਸਣਯੋਗ ਹੈ ਕਿ ਪਿੰਡ ਦੇ ਲੋਕ ਦੱਸ ਰਹੇ ਹਨ ਕਿ ਜਗਦੇਵ ਸਿੰਘ ਬਹੁਤ ਹੀ ਸ਼ਰੀਫ਼ ਵਿਅਕਤੀ ਸਨ। ਉਨ੍ਹਾਂ ਦਾ ਕਤਲ ਹੋ ਜਾਣਾ ਕਈ ਸਵਾਲ ਖਡ਼੍ਹੇ ਕਰ ਰਿਹਾ ਹੈ ਕਿਉਂਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਕੋਲ ਵਾਪਸ ਕੈਨੇਡਾ ਚਲੇ ਜਾਣਾ ਸੀ। ਜਗਦੇਵ ਸਿੰਘ ਦਾ ਛੋਟਾ ਪੁੱਤਰ ਕੈਨੇਡਾ ਵਿਚ ਤੇ ਵੱਡਾ ਪੁੱਤਰ ਇੱਥੇ ਹੀ ਖੇਤੀ ਦਾ ਕੰਮ-ਕਾਜ ਦੇਖਦਾ ਸੀ। ਪੁਲਿਸ ਉੱਚ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਤੇ ਮੁਲਜ਼ਮ ਜਲਦੀ ਹੀ ਫਡ਼ ਕੇ ਸਾਹਮਣੇ ਲਿਆਂਦੇ ਜਾਣਗੇ।