‘ਆਪ’ ਨੇ ਵਿਰੋਧੀਆਂ ਨੂੰ ਦਿੱਤੀ ਮਾਤ, ਮਿਲਿਆ ਕੌਮੀ ਪਾਰਟੀ ਦਾ ਦਰਜਾ

ਡੈਸਕ- ਜਲੰਧਰ ਜਿਮਣੀ ਚੋਣ ਚ ਮਸ਼ਰੂਫ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਇਕ ਹੋਰ ਸਿਆਸੀ ਸਫਲਤਾ ਮਿਲੀ ਹੈ ।ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਦੁਸ਼ਮਨਾਂ ਨੂੰ ਮਾਤ ਦੇ ਕੇ ਕੌਮੀ ਪੱਧਰ ‘ਤੇ ਸਿਆਸੀ ਛਲਾਂਗ ਲਗਾਈ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਚੋਣ ਕਮਿਸ਼ਨ ਨੇ ਇਸ ਦਾ ਐਲਾਨ ਕੀਤਾ। ਕਮਿਸ਼ਨ ਨੇ ਦੱਸਿਆ ਕਿ ਤ੍ਰਿਣਮੂਲ ਕਾਂਗਰਸ, ਸੀਪੀਆਈ ਤੇ ਸ਼ਰਦ ਪਵਾਰ ਦੀ NCP ਹੁਣ ਕੌਮੀ ਪਾਰਟੀਆਂ ਨਹੀਂ ਰਹੀਆਂ ਹਨ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਕਰਨਾਟਕ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਦੇਰੀ ਹੋਣ ਨਾਲ ਚੋਣ ਲੜਨ ਦੀ ਉਸ ਦੀ ਸਮਰੱਥਾ ਵਿਚ ਰੁਕਾਵਟ ਆ ਰਹੀ ਹੈ। ‘ਆਪ’ ਕਰਨਾਟਕ ਦੇ ਸੰਯੋਜਕ ਪ੍ਰਿਥਵੀ ਰੈੱਡੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਾਰਟੀ ਕੌਮੀ ਪਾਰਟੀ ਬਣਨ ਲਈ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਪਰ ਚੋਣ ਕਮਿਸ਼ਨ ਨੇ ਇਹ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪਿਛਲੇ ਹੀ ਮਹੀਨੇ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਉਹ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਰਾਸ਼ਟਰੀ ਸਥਿਤੀ ਦੀ ਸਮੀਖਿਆ ਕਰੇਗੀ। ਕਮਿਸ਼ਨ ਐੱਨਸੀਪੀ ਦੀ ਨੁਮਾਇੰਦਗੀ ‘ਤੇ ਸੁਣਵਾਈ ਕਰੇਗਾ, ਜਿਸ ‘ਚ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਸੀ ਕਿ ਐੱਨਸੀਪੀ ਹੁਣ ਰਾਸ਼ਟਰੀ ਪਾਰਟੀ ਦੇ ਦਰਜੇ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰਦੀ ਹੈ। ਇੱਕ ਸਿਆਸੀ ਪਾਰਟੀ ਨੂੰ “ਰਾਸ਼ਟਰੀ ਪਾਰਟੀ” ਵਜੋਂ ਮਾਨਤਾ ਦਿੱਤੀ ਜਾਂਦੀ ਹੈ ਜੇਕਰ ਇਸਦੇ ਉਮੀਦਵਾਰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿੱਚ ਚਾਰ ਜਾਂ ਵੱਧ ਰਾਜਾਂ ਵਿੱਚ ਘੱਟੋ ਘੱਟ 6 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਉਸ ਨੂੰ ਘੱਟੋ-ਘੱਟ ਚਾਰ ਲੋਕ ਸਭਾ ਸੀਟਾਂ ਜਿੱਤਣੀਆਂ ਪੈਣਗੀਆਂ।