Site icon TV Punjab | Punjabi News Channel

ਕੈਨੇਡਾ ਤੋਂ ਭੈਣ ਦੇ ਵਿਆਹ ਲਈ ਭਾਰਤ ਪਰਤੇ ਨੌਜਵਾਨ ਦਾ ਕਤਲ

ਡੈਸਕ- ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ਤੇ ਆਏ ਨੌਜਵਾਨ ਦੀ ਲਾਸ਼ ਥਾਣਾ ਤਿੱਬੜ ਦੇ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈ ਓਵਰ ਦੇ ਥੱਲੋਂ ਝਾੜੀਆਂ ਵਿੱਚੋਂ ਮਿਲੀ। ਮ੍ਰਿਤਕ ਨੌਜਵਾਨ ਘਰੋਂ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ ਲਈ ਨਿਕਲਿਆ ਸੀ। ਲਾਸ਼ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਦੋ ਵਿਅਕਤੀਆਂ ਜਿਨਾਂ ਵਿੱਚੋਂ ਇੱਕ ਲੜਕੀ ਦੀ ਕੱਪੜੇ ਪਹਿਣਿਆ ਲੱਗ ਰਿਹਾ ਹੈ ਵੱਲੋਂ ਇਹ ਲਾਸ਼ ਕਾਰ ਵਿੱਚ ਲਿਆ ਕੇ ਇੱਥੇ ਸੁੱਟੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕਰਦਿਆ ਦੋ ਨੌਜਵਾਨਾਂ ਨੂੰ ਮਾਮਲੇ ਵਿੱਚ ਨਾਮਜਦ ਕਰ ਲਿਆ ਹੈ।

ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (27) ਪੁੱਤਰ ਪਿਤਾ ਨਗਵੰਤ ਸਿੰਘ ਵਾਸੀ ਕੋਟ ਕੇਸਰਾ ਸਿੰਘ ਥਾਣਾ ਝੰਡੇਰ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 22 ਅਪ੍ਰੈਲ ਨੂੰ ਫਤਿਹਗੜ੍ਹ ਚੂੜੀਆਂ ਤੋਂ ਗੁਰਦਾਸਪੁਰ ਆਪਣੇ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਪਰ ਬਾਅਦ ਵਿੱਚ ਉਸ ਦਾ ਫੋਨ ਬੰਦ ਹੋ ਗਿਆ। ਜਦੋਂਕਿ ਅਗਲੇ ਦਿਨ ਸਵੇਰੇ ਤੜਕਸਾਰ ਥਾਣਾ ਤਿੱਬੜ ਦੀ ਪੁਲਿਸ ਨੂੰ ਇੱਕ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ, ਬਾਅਦ ਵਿੱਚ ਉਸਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ। ਮ੍ਰਿਤਕ ਜਸ਼ਨਪ੍ਰੀਤ ਦੇ ਦੋਸਤਾਂ ਵੱਲੋਂ ਲਾਸ਼ ਨੂੰ ਸੁੱਟੇ ਜਾਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਨਗਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਪੰਜਾਬ ਪੁਲਿਸ ਵਿੱਚ ਤਾਇਨਾਤ ਸੀ। ਉਸ ਦਾ ਲੜਕਾ ਜਸ਼ਨਪ੍ਰੀਤ ਕੈਨੇਡਾ ਰਹਿੰਦਾ ਹੈ ਅਤੇ ਕਰੀਬ ਪੰਜ ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ ਲਈ ਪਿੰਡ ਪਰਤਿਆ ਸੀ। 22 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਜਸ਼ਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਗੁਰਦਾਸਪੁਰ ‘ਚ ਰਹਿੰਦੇ ਉਸ ਦੇ ਇਕ ਦੋਸਤ ਦਾ ਜਨਮ ਦਿਨ ਹੈ ਅਤੇ ਉਹ ਉੱਥੇ ਜਾ ਰਿਹਾ ਹੈ। ਸ਼ਾਮ ਕਰੀਬ ਪੰਜ ਵਜੇ ਉਸ ਨੂੰ ਫ਼ੋਨ ਆਇਆ ਕਿ ਉਹ ਆਪਣੇ ਦੋਸਤ ਦੀ ਪਾਰਟੀ ਤੇ ਗੁਰਦਾਸਪੁਰ ਪਹੁੰਚ ਗਿਆ ਹੈ।

ਨਗਵੰਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਅਸੀਂ ਸਾਢੇ ਛੇ ਵਜੇ ਜਸ਼ਨਪ੍ਰੀਤ ਨੂੰ ਦੁਬਾਰਾ ਫ਼ੋਨ ਕੀਤਾ ਤਾਂ ਉਸਦਾ ਫ਼ੋਨ ਬੰਦ ਸੀ। ਜਦੋਂ ਕਾਫੀ ਦੇਰ ਤੱਕ ਉਸ ਦਾ ਫੋਨ ਨਹੀਂ ਵੱਜਿਆ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 23 ਅਪ੍ਰੈਲ ਦੀ ਸਵੇਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਥਾਣਾ ਤਿੱਬੜ ਦੀ ਪੁਲਿਸ ਨੂੰ ਪਿੰਡ ਕੋਠੇ ਘਰਾਲਾ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਦੇਖ ਕੇ ਪਤਾ ਲੱਗਾ ਕਿ ਲਾਸ਼ ਜਸ਼ਨਪ੍ਰੀਤ ਦੀ ਹੈ। ਜਸ਼ਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨਾਂ ਦੇ ਲੜਕੇ ਦਾ ਕਤਲ ਗੁਰਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਸਰਾਏ ਅਤੇ ਉਸ ਦੇ ਹੋਰ ਸਾਥੀਆਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੀਤਾ ਹੈ।

ਮਾਮਲੇ ਸਬੰਧੀ ਥਾਣਾ ਤਿੱਬੜ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਗੁਰਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਸਰਾਏਂ ਥਾਣਾ ਸਦਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਅਣਪਛਾਤੇ ਸਾਥੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version