ਓਟਾਵਾ- ਕੈਨੇਡਾ ਨੇ ਪੱਛਮੀ ਅਫ਼ਰੀਕੀ ਦੇਸ਼ ਨਾਈਜਰ ’ਚ ਹੋਏ ਤਖ਼ਤਾਪਲਟ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਬੀਤੇ ਬੁੱਧਵਾਰ ਨੂੰ ਨਾਈਜਰ ਦੀ ਫੌਜ ਦੇ ਇੱਕ ਸਮੂਹ ਨੇ ਦੇਸ਼ ਦੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਨਵੇਂ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਨੂੰ ਉਨ੍ਹਾਂ ਦੇ ਮਹਿਲ ਤੋਂ ਗਿ੍ਰਫ਼ਤਾਰ ਕਰਕੇ ਤਖ਼ਤਾ ਪਲਟ ਕੀਤਾ ਸੀ। ਇਸ ਮਗਰੋਂ ਸ਼ੁੱਕਰਵਾਰ ਨੂੰ ਇੱਕ ਟਵੀਟ ’ਚ ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਸੀ ਕਿ ਓਟਾਵਾ ਨਾਈਜਰ ’ਚ ਤਖ਼ਤਾ ਪਲਟ ਦੇ ਯਤਨਾਂ ਦੀ ਸਖ਼ਤ ਨਿਖੇਧੀ ਕਰਦਾ ਹੈ ਅਤੇ ਬਾਜ਼ੌਮ ਦੀ ਰਿਹਾਈ ਦੀ ਮੰਗ ਕਰਦਾ ਹੈ। ਇਸੇ ਕੜੀ ਤਹਿਤ ਅੱਜ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਨੇ ਇੱਕ ਟਵੀਟ ਕੀਤਾ ਤੇ ਲਿਖਿਆ ਕਿ ਕੈਨੇਡਾ ਰਾਸ਼ਟਰਪਤੀ ਬਜ਼ੌਮ ਦੀ ਰਿਹਾਈ ਅਤੇ ਨਾਈਜਰ ਦੇਸ਼ ਦੇ ਰਾਸ਼ਟਰਪਤੀ ਦੇ ਰੂਪ ’ਚ ਉਨ੍ਹਾਂ ਦ ਬਹਾਲੀ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾਈਜਰ ’ਚ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਉੱਧਰ 15 ਦੇਸ਼ਾਂ ਦੇ ਸਮੂਹ, ਇਕਨੌਮਿਕ ਕਮਿਊਨਿਟੀ ਆਫ਼ ਵੈਸਟ ਅਫ਼ਰੀਕਨ ਸਟੇਟਜ਼ ਨੇ ਧਮਕੀ ਦਿੱਤੀ ਹੈ ਕਿ ਜੇਕਰ ਬਾਜ਼ੌਮ ਨੂੰ ਸੱਤਾ ’ਚ ਮੁੜ ਬਹਾਲ ਨਾ ਕੀਤਾ ਗਿਆ ਤਾਂ ਉਹ ਲੀਡਰਾਂ ’ਤੇ ਪਾਬੰਦੀਆਂ ਲਗਾਉਣਗੇ ਅਤੇ ਨਾਈਜਰ ’ਚ ਫ਼ੌਜਾਂ ਭੇਜਣਗੇ। ਕੈਨੇਡਾ ਨੇ ਇਸ ਸਮੂਹ ਦਾ ਸਮਰਥਨ ਕੀਤਾ ਹੈ। ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਨੇ ਨਾਈਜਰ ਨੂੰ ਦਿੱਤੀ ਜਾਣ ਵਾਲੀ ਮਦਦ ਰੋਕ ਦਿੱਤੀ ਹੈ ਅਤੇ ਅਮਰੀਕਾ ਵੀ ਅਜਿਹਾ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਕੈਨੇਡਾ ਨੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਸਾਹੇਲ ਖੇਤਰ ’ਚ ਤਖ਼ਤਾ ਪਲਟ ਦੀਆਂ ਕੋਸ਼ਿਸ਼ਾਂ ’ਚੋਂ ਨਵੀਨਤਮ ਹੈ, ਜਿੱਥੇ ਇਸਲਾਮਿਕ ਸਟੇਟ ਸੰਗਠਨ ਅੱਤਵਾਦੀਆਂ ਦੀ ਭਰਤੀ ਕਰ ਰਿਹਾ ਹੈ ਅਤੇ ਮਨੁੱਖੀ ਕਤਲੇਆਮ ਕਰ ਰਿਹਾ ਹੈ। ਇਸ ਸਬੰਧੀ ਅਫਰੀਕੀ ਸਿਆਸਤ ਅਤੇ ਸੁਰੱਖਿਆ ’ਚ ਮਾਹਰ ਓਟਾਵਾ ਯੂਨੀਵਰਸਿਟੀ ਦੀ ਪ੍ਰੈਫੋਸਰ ਰੀਟਾ ਅਬਰਾਹਮਸਨ ਨੇ ਕਿਹਾ ਕਿ ਨਾਈਜਰ ਕੈਨੇਡਾ ਅਤੇ ਬਾਕੀ ਦੁਨੀਆ ਲਈ ਮਹੱਤਵਪੂਰਨ ਦੇਸ਼ ਹੈ। ਉਨ੍ਹਾਂ ਕਿਹਾ ਕਿ ਨਾਈਜਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਦੁਨੀਆ ’ਚ ਸਭ ਤੋਂ ਵੱਧ ਨੌਜਵਾਨਾਂ ਦੀ ਆਬਾਦੀ ਵਾਲਾ ਦੇਸ਼ ਹੈ ਅਤੇ ਪੱਛਮੀ ਦੇਸ਼ਾਂ ਲਈ ਇੱਕ ਲੋਕਤੰਤਰੀ ਭਾਗੀਦਾਰ ਰਿਹਾ ਹੈ। ਨਾਈਜਰ ਕੋਲ ਯੂਰੇਨੀਅਮ ਦਾ ਭੰਡਾਰ ਹੈ, ਜਿਸ ਦੀ ਵਿਸ਼ਵੀ ਮੰਗ ਵੱਧ ਰਹੀ ਹੈ।