Ottawa- ਕੈਨੇਡਾ ਸਰਕਾਰ ਦੇ ਇੱਕ ਸੀਨੀਅਰ ਸੂਤਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ’ਤੇ ਕੈਨੇਡਾ ਨੇ ਸੰਯੁਕਤ ਰਾਜ ਅਮਰੀਕਾ ਦੇ ਨਾਲ ‘ਬਹੁਤ ਨੇੜਿਓਂ’ ਕੰਮ ਕੀਤਾ ਹੈ। ਸਰਕਾਰੀ ਸੂਤਰ ਮੁਤਾਬਕ ਪ੍ਰਧਾਨ ਮੰਤਰੀ ਵਲੋਂ ਮੰਗਲਵਾਰ ਨੂੰ ਕੀਤੇ ਗਏ ਜਨਤਕ ਖ਼ੁਲਾਸੇ ਸਮੇਤ ਕੈਨੇਡਾ, ਯੂਐਸ ਨਾਲ ਬਹੁਤ ਨੇੜਿਓਂ ਕੰਮ ਕਰ ਰਿਹਾ ਹੈ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਨੇ ਉਕਤ ਸੂਤਰ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਦੇ ਕੋਲ ਜਿਹੜੇ ਸਬੂਤ ਹਨ, ਉਹ ਸਮੇਂ ਸਿਰ ਸਾਂਝੇ ਕੀਤੇ ਜਾਣਗੇ।
ਉੱਧਰ ਮੰਗਲਵਾਰ ਨੂੰ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਕੈਨੇਡਾ ਦੀ ਜਾਂਚ ਦਾ ਸਮਰਥਨ ਕਰਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਸ ਬਾਰੇ ਆਪਣੇ ਕੈਨੇਡੀਅਨ ਸਹਿਯੋਗੀਆਂ ਦੇ ਨਾਲ ਨਜ਼ਦੀਕੀ ਸੰਪਰਕ ’ਚ ਰਹੇ ਹਾਂ। ਅਸੀਂ ਦੋਸ਼ਾਂ ਨੂੰ ਲੈ ਕੇ ਕਾਫ਼ੀ ਚਿੰਤਤ ਹਾਂ। ਸਾਨੂੰ ਲੱਗਦਾ ਹੈ ਕਿ ਪੂਰੀ ਅਤੇ ਖੁੱਲ੍ਹੀ ਜਾਂਚ ਹੋਣੀ ਮਹੱਤਵਪੂਰਨ ਹੈ, ਅਤੇ ਅਸੀਂ ਭਾਰਤ ਸਰਕਾਰ ਨੂੰ ਇਸ ਜਾਂਚ ’ਚ ਸਹਿਯੋਗ ਕਰਨ ਦੀ ਅਪੀਲ ਕਰਾਂਗੇ।
ਦੱਸ ਦਈਏ ਕਿ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ’ਚ ਕੈਨੇਡਾ ਦੀ ਮਦਦ ਕਰਨ ਦੀ ਅਪੀਲ ਕੀਤੀ। ਹਾਲਾਂਕਿ ਟਰੂਡੋ ਦੇ ਬਿਆਨ ਮਗਰੋਂ ਵਧੇ ਵਿਵਾਦ ਨੇ ਦੋਹਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨੂੰ ਇੱਕ ਨਵਾਂ ਝਟਕਾ ਦਿੱਤਾ ਹੈ ਜੋ ਸਾਲਾਂ ਤੋਂ ਵਿਗੜ ਰਹੇ ਹਨ, ਨਵੀਂ ਦਿੱਲੀ ਕੈਨੇਡਾ ’ਚ ਸਿੱਖ ਵੱਖਵਾਦੀ ਗਤੀਵਿਧੀਆਂ ਤੋਂ ਨਾਖੁਸ਼ ਹੈ।