ਸੰਨੀ ਦਿਓਲ ਤੋਂ ਬਾਅਦ ਹੁਣ ਭਾਜਪਾ ਐੱਮ.ਪੀ ਕਿਰਣ ਖੇਰ ਦੇ ਲੱਗੇ ਲਾਪਤਾ ਦੇ ਪੋਸਟਰ

ਡੈਸਕ- ਚੰਡੀਗੜ੍ਹ ਯੂਥ ਕਾਂਗਰਸ ਨੇ ਬਾਰਿਸ਼ ਕਾਰਨ ਆਈ ਆਫ਼ਤ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਦੀ ਮੰਗ ਨੂੰ ਲੈ ਕੇ ਸੈਕਟਰ-16 ਕ੍ਰਿਕਟ ਸਟੇਡੀਅਮ ਚੌਕ ’ਤੇ ਅਨੋਖਾ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮਨੋਜ ਲੁਬਾਣਾ ਦੀ ਅਗਵਾਈ ’ਚ ਇਸ ਪ੍ਰਦਰਸ਼ਨ ’ਚ ਉਨ੍ਹਾਂ ਚੌਕ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਸੰਸਦ ਮੈਂਬਰ ਕਿਰਨ ਖੇਰ ਦੀ ਫੋਟੋ ਤੇ ਲਾਪਤਾ ਲਿਖੇ ਪੋਸਟਰ ਦਿਖਾ ਕੇ ਉਨ੍ਹਾਂ ਦੀ ਜਾਣਕਾਰੀ ਮੰਗੀ।

ਮਨੋਜ ਲੁਬਾਣਾ ਨੇ ਵਰਕਰਾਂ ਨਾਲ ਲਾਪਤਾ ਸੰਸਦ ਮੈਂਬਰ ਦੇ ਪੋਸਟ ਵੰਡੇ। ਲੁਬਾਣਾ ਨੇ ਕਿਹਾ ਕਿ ਬਾਰਿਸ਼ ਦਾ ਪਾਣੀ ਪੂਰੇ ਸ਼ਹਿਰ ’ਚ ਭਰਿਆ ਰਿਹਾ, ਬਿਜਲੀ, ਪੀਣ ਵਾਲੇ ਪਾਣੀ ਦੀ ਸਪਲਾਈ ਰੁਕਣ ਦੀ ਸਥਿਤੀ ਹੋਰ ਖ਼ਰਾਬ ਹੋ ਗਈ। ਇਸ ਨਾਲ ਨਜਿੱਠਣ ਲਈ ਅਸਰਦਾਰ ਕਦਮ ਨਾ ਚੁੱਕਣ ਦੇ ਵਿਰੋਧ ’ਚ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ। ਕਈ ਪਿੰਡ ਤੇ ਹੇਠਲੇ ਇਲਾਕੇ ਪਾਣੀ ਦੀ ਮਾਰ ਕਾਰਨ ਜ਼ਿਆਦਾ ਪ੍ਰਭਾਵਿਤ ਹੋਏ ਹਨ। ਲੁਬਾਣਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਭੋਜਨ ਉਪਲਬਧ ਕਰਵਾਉਣ ਲਈ ਕੰਮ ਕਰ ਰਹੀ ਹੈ। ਇਸਦੇ ਲਈ ਆਪਣਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।

ਹੜ੍ਹ ਕਾਰਨ ਲੋਕ ਪਰੇਸ਼ਾਨ ਹਨ। ਇਸ ਮੁਸ਼ਕਲ ਦੀ ਘੜੀ ’ਚ ਜਦੋਂ ਲੋਕਾਂ ਨੂੰ ਆਪਣੇ ਸੰਸਦ ਮੈਂਬਰ ਦੀ ਹਮਾਇਤ ਦੀ ਲੋੜ ਹੈ, ਤਾਂ ਕਿਰਨ ਖੇਰ ਤਸਵੀਰ ’ਚੋਂ ਗ਼ਾਇਬ ਹਨ। ਉਨ੍ਹਾਂ ਕੇ ਕੰਮ ਦਰਸਾਉਂਦੇ ਹਨ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੀ ਦੁਰਦਸ਼ਾ ਬਾਰੇ ਕੋਈ ਚਿੰਤਾ ਨਹੀਂ ਹੈ।

ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਜਦੋਂ ਚੰਡੀਗੜ੍ਹ ਦੇ ਲੋਕਾਂ ਨੂੰ ਲੋੜ ਹੁੰਦੀ ਹੈ ਤਾਂ ਸੰਸਦ ਮੈਂਬਰ ਹਮੇਸ਼ਾ ਗ਼ਾਇਬ ਰਹਿੰਦੇ ਹਨ। ਉਹ ਸਿਰਫ਼ ਵੋਟ ਮੰਗਣ ਆਉਂਦੇ ਹਨ ਤੇ ਜਨਤਾ ਪ੍ਰਤੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।