ਕੈਨੇਡਾ ਦੀ ਅਰਥ-ਵਿਵਸਥਾ ’ਚ ਆਇਆ ਉਛਾਲ

Ottawa- ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡੀਅਨ ਅਰਥਵਿਵਸਥਾ ਮਈ ’ਚ 0.3 ਫ਼ੀਸਦੀ ਵਧੀ ਹੈ। ਆਰਥਿਕ ਵਿਕਾਸ ’ਤੇ ਆਪਣੀ ਤਾਜ਼ਾ ਰਿਪੋਰਟ ’ਚ ਇਸ ਫੈਡਰਲ ਏਜੰਸੀ ਦੇ ਸ਼ੁਰੂਆਤੀ ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ ਜੀ. ਡੀ. ਪੀ. ਦੂਜੀ ਤਿਮਾਹੀ ’ਚ 1 ਪ੍ਰਤੀਸ਼ਤ ਦੀ ਸਾਲਾਨਾ ਦਰ ਨਾਲ ਵਧਿਆ ਹੈ। ਹਾਲਾਂਕਿ ਮਈ ਮਹੀਨੇ ਦਾ ਇਹ ਅੰਕੜਾ ਸਟੈਟਿਸਟਿਕਸ ਕੈਨੇਡਾ ਵਲੋਂ ਕੀਤੀ ਗਈ ਉਮੀਦ ਤੋਂ ਥੋੜ੍ਹਾ ਘੱਟ ਆਇਆ ਹੈ, ਕਿਉਂਕਿ ਮਾਈਨਿੰਗ ਅਤੇ ਤੇਲ ਅਤੇ ਗੈਸ ਕੰਪਨੀਆਂ ਨੇ ਰਿਕਾਰਡ ਤੋੜ ਜੰਗਲੀ ਅੱਗ ਦੇ ਸੀਜ਼ਨ ਦੀ ਸ਼ੁਰੂਆਤ ’ਚ ਅਲਬਰਟਾ ’ਚ ਆਪਣੇ ਕੰਮਕਾਜ ਨੂੰ ਘਟਾ ਦਿੱਤਾ ਸੀ।
ਸਟੈਟਿਸਟਿਕ ਕੈਨੇਡਾ ਵਲੋਂ ਜਾਰੀ ਕੀਤੇ ਗਏ ਅੰਕੜੇ ਇਹ ਵੀ ਦੱਸਦੇ ਹਨ ਕਿ ਮਈ ’ਚ ਊਰਜਾ ਖੇਤਰ ’ਚ 2.1 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਬੀਤੇ ਪੰਜ ਮਹੀਨਿਆਂ ਦੌਰਾਨ ਇਹ ਸੈਕਟਰ ਦੀ ਪਹਿਲੀ ਗਿਰਾਵਟ ਅਤੇ ਅਗਸਤ 2020 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਸੀ। ਮਈ ’ਚ ਜੀ. ਡੀ. ਪੀ. ’ਚ ਮਾਮੂਲੀ ਵਾਧਾ ਆਂਸ਼ਿਕ ਰੂਪ ਨਾਲ ਜਨਤਕ ਪ੍ਰਸ਼ਾਸਨ ਦੇ ਖੇਤਰ ’ਚ ਸੁਧਾਰ ਕਾਰਨ ਹੋਇਆ ਕਿਉਂਕਿ ਹੜਤਾਲ ’ਤੇ ਗਏ ਵਧੇਰੇ ਸੰਘੀ ਵਰਕਰ ਅਪ੍ਰੈਲ ਦੇ ਅੰਤ ਤੱਕ ਕੰਮ ’ਤੇ ਵਾਪਸ ਆ ਗਏ ਸਨ। ਹਾਲਾਂਕਿ, ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਰਮਚਾਰੀ ਮਈ ’ਚ ਤਿੰਨ ਦਿਨਾਂ ਲਈ ਹੜਤਾਲ ’ਤੇ ਰਹੇ, ਜਿਸ ਨੇ ਮੁੜ ਬਹਾਲੀ ਨੂੰ ਘਟਾ ਦਿੱਤਾ।