ਚੀਨ,ਪਾਕਿਸਤਾਨ, ਰੂਸ ਅਤੇ ਈਰਾਨ ਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦਾ ਤਾਲਿਬਾਨ ਨਾਲ ਕੀ ਸੰਬੰਧ : ਜੋ ਬਿਡੇਨ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਚੀਨ, ਪਾਕਿਸਤਾਨ, ਰੂਸ ਅਤੇ ਈਰਾਨ ਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦਾ ਤਾਲਿਬਾਨ ਨਾਲ ਕੀ ਸੰਬੰਧ ਹੈ। ਬਿਡੇਨ ਨੇ ਤਾਲਿਬਾਨ ਵੱਲੋਂ ਆਪਣੀ ਅੰਤਰਿਮ ਸਰਕਾਰ ਦੇ ਵੇਰਵਿਆਂ ਦੀ ਘੋਸ਼ਣਾ ਕਰਨ ਤੋਂ ਤੁਰੰਤ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਨੂੰ ਤਾਲਿਬਾਨ ਨਾਲ “ਅਸਲ ਸਮੱਸਿਆ” ਹੈ।ਬਿਡੇਨ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, “ਚੀਨ ਨੂੰ ਤਾਲਿਬਾਨ ਨਾਲ ਅਸਲ ਸਮੱਸਿਆ ਹੈ।

ਮੈਨੂੰ ਯਕੀਨ ਹੈ ਕਿ ਉਹ ਤਾਲਿਬਾਨ ਨਾਲ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ, ਰੂਸ, ਈਰਾਨ ਵੀ ਇਹੀ ਕਰ ਰਹੇ ਹਨ। ਕਾਬੁਲ ਵਿਚ ਤਾਲਿਬਾਨ ਵੱਲੋਂ ਆਪਣੀ ਨਵੀਂ ਅੰਤਰਿਮ ਸਰਕਾਰ ਦੇ ਗਠਨ ਦੀ ਘੋਸ਼ਣਾ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, “ਉਨ੍ਹਾਂ ਸਾਰਿਆਂ (ਚੀਨ, ਪਾਕਿਸਤਾਨ, ਰੂਸ ਅਤੇ ਈਰਾਨ) ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ। ਇਸ ਲਈ ਆਓ ਦੇਖੀਏ ਕਿ ਅੱਗੇ ਕੀ ਹੁੰਦਾ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਹੁੰਦਾ ਹੈ।

ਇਸ ਦੌਰਾਨ, ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਇਕ ਆਨਲਾਈਨ ਪਟੀਸ਼ਨ ਅਰੰਭ ਕੀਤੀ ਹੈ ਜਿਸ ਵਿਚ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਨਾ ਦੇਵੇ। ਹੈਲੀ ਨੇ ਕਿਹਾ, “ਇਹ ਕਹਿਣਾ ਮਹੱਤਵਪੂਰਨ ਹੈ ਕਿ ਅਮਰੀਕਾ ਨੂੰ ਇਸ ਪ੍ਰਸ਼ਾਸਨ ਦੇ ਅਧੀਨ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਜਾਇਜ਼ ਸਰਕਾਰ ਦੇ ਰੂਪ ਵਿਚ ਮਾਨਤਾ ਨਹੀਂ ਦੇਣੀ ਚਾਹੀਦੀ।”

ਤਾਲਿਬਾਨ ਨੇ ਮੰਗਲਵਾਰ ਨੂੰ ਮੁੱਲਾ ਮੁਹੰਮਦ ਹਸਨ ਅਖੁੰਦ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਸੀ , ਜਿਸ ਵਿਚ ਵਿਦਰੋਹੀ ਸਮੂਹ ਦੇ ਕਈ ਕੱਟੜ ਮੈਂਬਰਾਂ ਨੂੰ ਮੁੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ। ਇਸ ਵਿਚ ਗ੍ਰਹਿ ਮੰਤਰੀ ਵਜੋਂ ਸਿਰਾਜੁਦੀਨ ਹੱਕਾਨੀ ਦਾ ਨਾਂਅ ਵੀ ਸ਼ਾਮਲ ਹੈ, ਜੋ ਕਿ ਅੱਤਵਾਦੀ ਸੰਗਠਨ ਹੱਕਾਨੀ ਨੈਟਵਰਕ ਨਾਲ ਸਬੰਧਤ ਹੈ ਅਤੇ ਉਸਦਾ ਨਾਮ ਆਲਮੀ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ।

ਟੀਵੀ ਪੰਜਾਬ ਬਿਊਰੋ