ਮਹਿਲਾ ਕਿਸਾਨ ਦਿਵਸ ਨਾਲ ਸੰਬੰਧਿਤ ਮੁਹਿੰਮ ਸ਼ੁਰੂ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਬੀਤੇ ਦਿਨੀਂ ਵੱਖ-ਵੱਖ ਪਸਾਰ ਗਤੀਵਿਧੀਆਂ ਕੀਤੀਆਂ ਗਈਆਂ ।

ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਦੀ ਅਗਵਾਈ ਵਿਚ ਕੀਤੀਆਂ ਗਈਆਂ ਇਹਨਾਂ ਗਤੀਵਿਧੀਆਂ ਦਾ ਉਦੇਸ਼ ਖੇਤੀ ਵਿਚ ਔਰਤਾਂ ਦੀ ਮਹੱਤਤਾ ਬਾਰੇ ਪਿੰਡਾਂ ਵਿਚ ਜਾ ਕੇ ਜਾਗਰੂਕਤਾ ਫੈਲਾਉਣਾ ਸੀ ।

ਇਸ ਉਦੇਸ਼ ਲਈ ਪੰਜ ਪਿੰਡਾਂ ਵਿਚ ਸਮਾਗਮ ਕੀਤੇ ਗਏ । ਇਹਨਾਂ ਪਿੰਡਾਂ ਵਿਚ ਜੰਡਿਆਲੀ, ਆਸੀ ਕਲਾਂ, ਵਿਰਕ, ਮਾਨਗੜ ਅਤੇ ਭਾਗਪੁਰ ਪ੍ਰਮੁੱਖ ਹਨ । ਇਹਨਾਂ ਪਿੰਡਾਂ ਦੇ 300 ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ ।

ਡਾ. ਰਿਤੂ ਮਿੱਤਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਮਹਿਲਾ ਕਿਸਾਨ ਦਿਵਸ ਅਤੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਉਲੀਕਿਆ ਗਿਆ ਸੀ । ਉਹਨਾਂ ਕਿਹਾ ਕਿ ਪੋਸ਼ਣ ਆਧਾਰਿਤ ਖੇਤੀ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਐਸੇ ਸਮਾਗਮ ਬੇਹੱਦ ਜ਼ਰੂਰੀ ਹਨ ।

ਡਾ. ਪ੍ਰੀਤੀ ਸ਼ਰਮਾ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਮੁਹਈਆ ਕਰਾਉਣ ਲਈ ਕਿਸਾਨ ਬੀਬੀਆਂ ਦੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ । ਡਾ. ਸੁਖਦੀਪ ਕੌਰ ਨੇ ਮਹਿਲਾ ਕਿਸਾਨ ਦਿਵਸ ਅਤੇ ਮਹੱਤਵ ਬਾਰੇ ਗੱਲ ਕੀਤੀ ।

ਡਾ. ਮਨਜੋਤ ਕੌਰ ਅਤੇ ਡਾ. ਮਨਦੀਪ ਸ਼ਰਮਾ ਨੇ ਪੇਂਡੂ ਔਰਤਾਂ ਨੂੰ ਘਰੇਲੂ ਬਗੀਚੀ ਬਨਾਉਣ ਲਈ ਪ੍ਰੇਰਿਤ ਕੀਤਾ । ਇਸ ਸੰਬੰਧ ਵਿਚ ਘਰੇਲੂ ਪੋਸ਼ਕ ਬਗੀਚੀ ਦੇ ਬੀਜਾਂ ਦੀਆਂ 300 ਕਿੱਟਾਂ ਇਹਨਾਂ ਪਰਿਵਾਰਾਂ ਨੂੰ ਵੰਡੀਆਂ ਗਈਆਂ।

ਟੀਵੀ ਪੰਜਾਬ ਬਿਊਰੋ