ਜਲੰਧਰ ਲੋਕ ਸਭਾ ਜ਼ਿਮਣੀ ਚੋਣ ‘ਚ ਵੱਡਾ ਫੇਰਬਦਲ, ਚੌਧਰੀ ਸੁਰਿੰਦਰ ਨੇ ਕੀਤੀ ਘਰ ਵਾਪਸੀ

ਜਲੰਧਰ- ਪੰਜਾਬ ਕਾਂਗਰਸ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ ਹੈ । ਸਿਰਫ ਪੰਜ ਦਿਨ ਪਹਿਲਾਂ ‘ਆਪ’ ਚ ਸ਼ਾਮਿਲ ਹੋਏ ਚੌਧਰੀ ਪਰਿਵਾਰ ਦੇ ਮੈਂਬਰ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਨੇ ਕਾਂਗਰਸ ਪਾਰਟੀ ਚ ਘਰ ਵਾਪਸੀ ਕਰ ਲਈ ਹੈ । ਪੰਜਾਬ ਇੰਚਾਰਜ ਹਰੀਸ਼ ਚੌਧਰੀ,ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਅਵਤਾਰ ਹੈਨਰੀ ਨੇ ਸੁਰਿੰਦਰ ਦਾ ਪਾਰਟੀ ਚ ਸਵਾਗਤ ਕੀਤਾ । ਹਾਲਾਂਕਿ ਚੋਧਰੀ ਨੂੰ ਸਿਰਫ ਪੱਤਰਕਾਰਾਂ ਅੱਗੇ ਫੋਟੋ ਖਿਚਵਾਉਣ ਤੱਕ ਹੀ ਸੀਮਿਤ ਰਖਿਆ ਗਿਆ। ਬਾਅਦ ਚ ਉਹ ਸੀਨੀਅਰ ਨੇਤਾਵਾਂ ਨਾਲ ਚਲੇ ਗਏ ।ਉਨ੍ਹਾਂ ਦੀ ਮੀਡੀਆ ਨਾਲ ਗੱਲਬਾਤ ਨਹੀਂ ਕਰਵਾਈ ਗਈ।

ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਚੌਧਰੀ ਸੁਰਿੰਦਰ ਦੀ ਘਰ ਵਾਪਸੀ ਤਾਂ ਸਿਰਫ ਸ਼ੁਰੂਆਤ ਹੈ ।ਜੋ ਕਾਂਗਰਸੀ ਵਰਕਰ ‘ਆਪ’ ਚ ਚਲੇ ਗਏ ਹਨ ,ਉਨ੍ਹਾਂ ਨੂੰ ਵੀ ਜਲਦ ਹੀ ਪਾਰਟੀ ਪਲੇਟਫਾਰਮ ‘ਤੇ ਵੇਖੋਗੇ । ਬਾਜਵਾ ਦੇ ਇਸ ਬਿਆਨ ਨੇ ਆਮ ਆਦਮੀ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ । ਹੁਣ ਚਰਚਾ ਇਹ ਵੀ ਛਿੜ ਗਈ ਹੈ ਕਿ ਕਿਤੇ ਕਾਂਗਰਸ ਸੁਸ਼ੀਲ ਰਿੰਕੂ ਨੂੰ ਹੀ ਆਪਣੇ ਬੇੜੇ ਚ ਨਾ ਸ਼ਾਮਿਲ ਕਰ ਲਵੇ ।