ਮੁੱਖ ਮੰਤਰੀ ਦੇ ਬੱਚਿਆਂ ਨੂੰ ਧਮਕੀਆਂ ਅਤੇ ਵਿਦੇਸ਼ਾਂ ‘ਚ ਤਿਰੰਗੇ ਦਾ ਅਪਮਾਨ ਮੂਰਖਤਾ- ਜਥੇਦਾਰ

ਡੈਸਕ- ਪਿਛਲੇ ਕੁੱਝ ਦਿਨਾਂ ਤੋਂ ਵਿਦੇਸ਼ਾਂ ਸਮੇਤ ਪੰਜਾਬ ਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਚਲ ਰਹੀ ਕਸ਼ਮਕਸ਼ ‘ਤੇ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਕ ਮਹੱਤਵਪੂਰਨ ਬਿਆਨ ਸਾਹਮਨੇ ਆਇਆ ਹੈ । ਇੱਕ ਯੂ-ਟਿਊਬ ਚੈਨਲ ‘ਤੇ ਇੰਟਰਵਿਊ ਦਿੰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਮਾਮਲੇ ਨੂੰ ਸਮਝ ਤੋਂ ਪਰੇ ਦੱਸਿਆ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਬੱਚਿਆਂ ਨਾਲ ਬਦਸਲੂਕੀ ਦੇ ਮਾਮਲੇ ‘ਤੇ ਵੀ ਅਫਸੋਸ ਪ੍ਰਗਟ ਕੀਤਾ ਗਿਆ ਹੈ।

ਉਕਤ ਇੰਟਰਵਿਊ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ 6 ਮਹੀਨਿਆਂ ਵਿੱਚ ਪੰਜਾਬ ਆਇਆ ਸੀ ਅਤੇ ਹੁਣ ਇਹ ਸਥਿਤੀ ਪੈਦਾ ਹੋ ਰਹੀ ਹੈ। ਇਸ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਸਮਝ ਤੋਂ ਬਾਹਰ ਹੈ। ਇਸ ਵਿੱਚ ਵੀ ਕੁਝ ਰਾਜਨੀਤੀ ਹੋ ਸਕਦੀ ਹੈ। ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਦੇ ਦਮਦਮਾ ਸਾਹਿਬ ਵਿਖੇ ਆਤਮ ਸਮਰਪਣ ਦੀਆਂ ਗੱਲਾਂ ਹੁੰਦੀਆਂ ਹਨ। ਇਹ ਦੇਖਣਾ ਬਾਕੀ ਹੈ ਕਿ ਇਹ ਗੱਲਾਂ ਮੀਡੀਆ ਜਾਂ ਸਰਕਾਰ ਤੱਕ ਕੌਣ ਪਹੁੰਚਾਉਂਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਜ਼ਬਾਤੀ ਹੋ ਕੇ ਚੁੱਕਿਆ ਗਿਆ ਕਦਮ ਕਦੇ ਵੀ ਫਲਦਾਇਕ ਨਹੀਂ ਹੋ ਸਕਦਾ। ਮੁੱਖ ਮੰਤਰੀ ਦੇ ਬੱਚੇ ਦੀ ਗੱਲ ਕੀਤੀ ਜਾ ਰਹੀ ਹੈ, ਇਹ ਗਲਤ ਹੈ। ਉਹ ਵੀ ਬੇਕਸੂਰ ਹਨ। ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ। ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਮੂਰਖਤਾ ਹੈ।

ਇਸ ਦੇ ਨਾਲ ਹੀ ਭਾਰਤੀ ਦੂਤਾਵਾਸਾਂ ‘ਤੇ ਕੀਤੀ ਜਾ ਰਹੀ ਕਾਰਵਾਈ ਵੀ ਗਲਤ ਹੈ। ਜੇਕਰ ਵਿਰੋਧ ਕਰਨਾ ਹੀ ਹੈ ਤਾਂ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਫਾਇਦਾ ਹੋਵੇ ਨਾ ਕਿ ਨੁਕਸਾਨ। ਅਜਿਹਾ ਕਰਕੇ ਅਸੀਂ ਵਿਰੋਧੀਆਂ ਨੂੰ ਪ੍ਰਚਾਰ ਕਰਨ ਦਾ ਮੌਕਾ ਦਿੰਦੇ ਹੋ।

ਜਥੇਦਾਰ ਨੇ ਕਿਹਾ ਕਿ 27 ਮਾਰਚ ਨੂੰ ਬੁਲਾਈ ਗਈ ਮੀਟਿੰਗ ਵਿੱਚ ਸਿੱਖ ਬੁੱਧੀਜੀਵੀ ਸ਼ਾਮਿਲ ਹੋਏ ਸਨ। ਮੀਟਿੰਗ ਤੋਂ ਪਹਿਲਾਂ ਆਈਜੀ ਇੰਟੈਲੀਜੈਂਸ ਜਸਕਰਨ ਸਿੰਘ ਉਨ੍ਹਾਂ ਨੂੰ ਮਿਲਣ ਗਏ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਸੂਝਵਾਨ ਸਿੱਖਾਂ ਅਤੇ ਸੂਝਵਾਨ ਸ਼ਖ਼ਸੀਅਤਾਂ ਦੀ ਹੈ, ਮਾਹੌਲ ਖ਼ਰਾਬ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।