ਫੈਡਰਲ ਸਰਕਾਰ ਵਲੋਂ ਫਾਲ ਲਈ ਇਕਨਾਮਿਕ ਸਟੇਟਮੈਂਟ ਜਾਰੀ

ਮੰਗਲਵਾਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵਲੋਂ ਪੇਸ਼ ਕੀਤੇ ਗਏ ਫੈਡਰਲ ਸਰਕਾਰ ਦੇ ਫਾਲ ਆਰਥਿਕ ਬਿਆਨ ’ਚ ਅਗਲੇ ਸਾਲਾਂ ਦੌਰਾਨ ਕੈਨੇਡਾ ਦੀ ਰਿਹਾਇਸ਼ ਦੀ ਸਪਲਾਈ ਨੂੰ ਵਧਾਉਣ ਦੇ ਉਦੇਸ਼ ਨਾਲ ਅਰਬਾਂ ਡਾਲਰ ਦੇ ਨਵੇਂ ਖਰਚੇ ਅਤੇ ਨਿਯਤ ਨੀਤੀ ਉਪਾਅ ਸ਼ਾਮਲ ਹਨ, ਜਿਨ੍ਹਾਂ ’ਚ 2023 ਦੌਰਾਨ 40 ਬਿਲੀਅਨ ਡਾਲਰ ਦਾ ਘਾਟਾ ਪੈਣ ਦੀ ਅਨੁਮਾਨ ਹੈ।
ਫਰੀਲੈਂਡ ਵਲੋਂ ਪੇਸ਼ ਕੀਤੀ ਗਈ ਆਰਥਿਕ ਰਿਪੋਰਟ ਮੁਤਾਬਕ ਕੈਨੇਡਾ ਮੰਦੀ ਤੋਂ ਬਚੇਗਾ ਪਰ ਇਸ ’ਚ ਇਹ ਭਵਿੱਖਬਾਣੀ ਕੀਤੀ ਗਈ ਹੈ ਆਰਥਿਕ ਵਿਕਾਸ ਦੀ ਰਫ਼ਤਾਰ ਮੱਠੀ ਪੈ ਜਾਵੇਗੀ। ਅਗਲੇ ਸਾਲ ਦੌਰਾਨ ਬੇਰੁਜ਼ਗਾਰੀ ਵਧੇਗੀ ਅਤੇ ਹਜ਼ਾਰਾਂ ਲੋਕ ਨੌਕਰੀਆਂ ਤੋਂ ਹੱਥ ਧੋ ਬੈਠਣਗੇ।
ਫਰੀਲੈਂਡ ਅਗਲੇ ਛੇ ਸਾਲਾਂ ’ਚ ਫੈਡਰਲ ਸਰਕਾਰ ਦੇ ਸ਼ੁਰੂਆਤੀ ਅਨੁਮਾਨ ਨਾਲੋਂ ਲਗਭਗ 20.8 ਬਿਲੀਅਨ ਡਾਲਰ ਹੋਰ ਖਰਚ ਕਰਨਾ ਚਾਹੁੰਦੀ ਹੈ। ਫਰੀਲੈਂਡ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਧੇ ਨੂੰ ਘੱਟ ਅਤੇ ਵਿੱਤੀ ਸੂਝ-ਬੂਝ ਦੇ ਸੰਕੇਤ ਵਜੋਂ ਪੇਸ਼ ਕਰ ਕਰ ਰਹੀ ਹੈ। ਵਧੇਰੇ ਨਵੇਂ ਖਰਚੇ ਨਵੇਂ ਹਾਊਸਿੰਗ ਪਹਿਲਕਦਮੀਆਂ ਲਈ ਰੱਖੇ ਗਏ ਹਨ, ਜਿਵੇਂ ਕਿ ਬਿਲਡਰਾਂ ਨੂੰ ਘੱਟ ਲਾਗਤ ਵਾਲੇ ਕਰਜ਼ੇ, ਅਤੇ ਜਲਵਾਯੂ-ਅਨੁਕੂਲ ਪ੍ਰੋਜੈਕਟ।

ਜਦੋਂ ਤੋਂ ਲਿਬਰਲ ਸਰਕਾਰ ਸੱਤਾ ’ਚ ਆਈ ਹੈ, ਉਦੋਂ ਤੋਂ ਉਸ ਵਲੋਂ ਘਾਟੇ ਦਾ ਬਜਟ ਚਲਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵੀ ਫੈਡਰਲ ਸਰਕਾਰ ਨੇ ਵੱਡਾ ਘਾਟਾ ਖਾਧਾ
ਹੁਣ ਵਿਆਜ ਦਰਾਂ ਦੇ 20 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਆਉਣ ਕਰਕੇ ਇਸ ਕਰਜ਼ੇ ਦੀ ਲਾਗਤ 2020-21 ਵਿੱਚ $20.3 ਬਿਲੀਅਨ ਤੋਂ ਵਧ ਕੇ ਇਸ ਵਿੱਤੀ ਸਾਲ ਵਿੱਚ $46.5 ਬਿਲੀਅਨ ਹੋ ਗਈ ਹੈ। ਆਰਥਿਕ ਸਟੇਟਮੈਂਟ ਦੇ ਅਨੁਸਾਰ, ਕਰਜ਼ੇ ਕਰਕੇ 2028-29 ਵਿੱਚ ਫ਼ੈਡਰਲ ਖਜ਼ਾਨੇ ‘ਤੇ 60.7 ਬਿਲੀਅਨ ਡਾਲਰ ਪ੍ਰਤੀ ਸਾਲ ਖਰਚਾ ਆਉਣ ਦਾ ਅਨੁਮਾਨ ਹੈ। ਕਰਜ਼ੇ ਦੀਆਂ ਅਦਾਇਗੀਆਂ ਫ਼ੈਡਰਲ ਬਜਟ ਵਿਚ ਸਭ ਤੋਂ ਮਹਿੰਗੀਆਂ ਆਈਟਮਾਂ ਵਿਚੋਂ ਇੱਕ ਹੋਣਗੀਆਂ। ਮਿਸਾਲ ਦੇ ਤੌਰ ‘ਤੇ ਕੈਨੇਡੀਅਨ ਆਰਮਡ ਫ਼ੋਰਸੇਜ਼ ‘ਤੇ ਇਸ ਵਿੱਤੀ ਸਾਲ ਦੌਰਾਨ ਸਰਕਾਰ 28.9 ਬਿਲੀਅਨ ਡਾਲਰ ਖ਼ਰਚ ਕਰੇਗੀ ਜੋਕਿ ਬੈਂਕਾਂ ਅਤੇ ਬੌਂਡਧਾਰਕਾਂ ਨੂੰ ਕਰਜ਼ੇ ਦੇ ਭੁਗਤਾਨ ਲਈ ਦਿੱਤੀ ਜਾਣ ਵਾਲੀ ਰਾਸ਼ੀ ਨਾਲੋਂ ਕਰੀਬ 18 ਬਿਲੀਅਨ ਘੱਟ ਹੈ।