ਪਟਿਆਲਾ- ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਬੀਤੇ ਕੁੱਝ ਦਿਨਾਂ ਤੋਨ ਮਾਨ ਸਰਕਾਰ ‘ਤੇ ਬਿਜਲੀ ਦੀ ਘਾਟ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਦਾ ਸੀ.ਐੱਮ ਮਾਨ ਨੇ ਜਵਾਬ ਦਿੱਤਾ ਹੈ । ਪਟਿਆਲਾ ‘ਚ ਪਾਵਰਕਾਮ ਦੇ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਸੀ.ਐੱਮ ਭਗਵੰਤ ਮਾਨ ਨੇ ਅਕਾਲੀ ਦਲ ਦਾ ਨਾਂ ਲਏ ਬਗੈਰ ਐਲਾਨ ਕੀਤਾ ਕਿ ਪੰਜਾਬ ਚ ਬਿਜਲੀ ਦੀ ਘਾਟ ਨਹੀਂ ਹੈ ।ਸਮਾਗਮ ਚ ਮੋਜੂਦ ਬਿਜਲੀ ਇੰਜੀਨੀਅਰਾਂ ਨੂੰ ਉਨ੍ਹਾਂ ਨੇ ਇਸਦਾ ਸਿਹਰਾ ਬੰਨਿ੍ਹਆ । ਮਾਨ ਨੇ ਕਿਹਾ ਕਿ ਵਿਭਾਗ ਦੀ ਮਿਹਨਤ ਦੇ ਸਦਕਾ ਹੀ ਸੂਬੇ ਚ ਬਿਜਲੀ ਦੀ ਕੋਈ ਕਮੀ ਨਹੀਂ ਹੈ ।ਜ਼ਿਕਰਯੋਗ ਹੈ ਕਿ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਬਿਜਲੀ ਸਮਝੌਤੀਆਂ ਨੂੰ ਲੈ ਕੇ ਮਾਨ ਸਰਕਾਰ ‘ਤੇ ਇਲਜ਼ਾਮ ਲਗਾ ਰਹੇ ਹਨ । ਬਾਦਲ ਦਾ ਕਹਿਣਾ ਹੈ ਕਿ ਮਾਨ ਸਰਕਾਰ ਗਰਮੀਆਂ ਆਉਣ ‘ਤੇ ਮਹਿੰਗੀ ਬਿਜਲੀ ਦੀ ਖਰੀਦ ਕਰੇਗੀ।
ਸੀ.ਐੱਮ ਭਗਵੰਤ ਮਾਨ ਨੇ ਵਿਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸਾਫ ਕੀਤਾ ਕਿ ਉਹ ਪੰਜਾਬ ਚ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਚ ਨਹੀਂ ਸੌਂਪਣਗੇ । ਕੇਂਦਰ ਸਰਕਾਰ ਦੇ ਨਾਲ ਉਨ੍ਹਾਂ ਪ੍ਰਮੁੱਖ ਬਿਜਨਸਮੈਨ ਅਡਾਨੀ ਨੂੰ ਵੀ ਅੱਡੇ ਹੱਥੀਂ ਲਿਆ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਦਾ ਕੋਈ ਠੇਕਾ ਅਡਾਨੀ ਨੂੰ ਨਹੀਂ ਦਿੱਤਾ ਜਾਵੇਗਾ । ਮਾਨ ਨੇ ਕਿਹਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਹੁੰਦਾ ਹੈ ,ਉਸ ਦੇਸ਼ ਦੀ ਜਨਤਾ ਭਿਖਾਰੀ ਹੁੰਦੀ ਹੈ ।
ਕੋਲੇ ਦੀ ਘਾਟ ਨੂੰ ਲੈ ਕੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਘੇਰਿਆ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰਿਆ ਵਿਤਕਰਾ ਕਰ ਰਹੀ ਹੈ ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਹੁਤ ਜਲਦ ਪੰਜਾਬ ਚ ਵੱਡੇ ਵਪਾਰਕ ਘਰਾਣਿਆਂ ਨੂੰ ਸਥਾਪਤ ਕਰਨ ਜਾ ਰਹੀ ਹੈ ।ਪੰਜਾਬ ਦੇ ਨੌਜਵਾਨਾ ਕੋਲ ਜੇਕਰ ਰੁਜ਼ਗਾਰ ਹੋਵੇਗਾ ਤਾਂ ਕੋਈ ਵੀ ਨਸ਼ਾ ਨਹੀਂ ਕਰੇਗਾ ।