ਹਾਕੀ ਦੇ ਫੈਨ ਮੁੱਖ ਮੰਤਰੀ ਮਾਨ ਨੂੰ ਨਹੀਂ ਮਿਲੀ ਪੈਰਿਸ ਜਾਣ ਦੀ ਇਜ਼ਾਜ਼ਤ

ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਜਾਣ ਲਈ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਵਿਦੇਸ਼ ਮੰਤਰਾਲੇ ਨੇ ਪੈਰਿਸ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਨੂੰ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੀ ਸੂਚਨਾ ਮਿਲੀ। ਓਲੰਪਿਕ ਵਿੱਚ ਭਾਗ ਲੈਣ ਵਾਲੀ ਹਾਕੀ ਟੀਮ ਦਾ ਉਤਸ਼ਾਹ ਵਧਾਉਣ ਲਈ ਸੀਐਮ ਮਾਨ ਨੂੰ ਪੈਰਿਸ ਜਾਣਾ ਸੀ। ਸੂਤਰਾਂ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਸੀਐਮ ਨੇ ਅੱਜ ਪੈਰਿਸ ਜਾਣਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਐਮ ਭਗਵੰਤ ਮਾਨ 3 ਅਗਸਤ ਦੀ ਰਾਤ ਨੂੰ ਪੈਰਿਸ ਲਈ ਫਲਾਈਟ ਫੜਨਾ ਚਾਹੁੰਦੇ ਸਨ ਤਾਂ ਜੋ ਉਹ ਭਾਰਤੀ ਹਾਕੀ ਟੀਮ ਦੇ ਮੈਚ ਲਈ ਸਮੇਂ ਸਿਰ ਪਹੁੰਚ ਸਕਣ। ਉਨ੍ਹਾਂ ਨੇ ਕਿਹਾ ਸੀ ਕਿ ਉਹ ਟੀਮ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਇਸ ਸਮੇਂ ਪੈਰਿਸ ਵਿੱਚ ਖੇਡਣ ਗਏ 22 ਖਿਡਾਰੀਆਂ ਵਿੱਚੋਂ ਘੱਟੋ-ਘੱਟ 19 ਪੰਜਾਬ ਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਲੜਕਿਆਂ ‘ਤੇ ਮਾਣ ਹੈ ਅਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ।

ਪੈਰਿਸ ਓਲੰਪਿਕ 2024 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ਨੂੰ 3-2 ਨਾਲ ਹਰਾ ਕੇ 52 ਸਾਲਾਂ ਬਾਅਦ ਓਲੰਪਿਕ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। 1972 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਆਸਟਰੇਲੀਆ ਨੂੰ ਹਰਾਇਆ ਹੈ।

ਪੈਰਿਸ ਓਲੰਪਿਕ ਦੇ ਅੱਠਵੇਂ ਦਿਨ ਸ਼ਨੀਵਾਰ ਨੂੰ ਸਭ ਦੀਆਂ ਨਜ਼ਰਾਂ ਮਨੂ ਭਾਕਰ ‘ਤੇ ਹੋਣਗੀਆਂ। ਮਨੂ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਚੁਣੌਤੀ ਦੇਣਗੇ। ਇਸ ਵਾਰ ਵੀ ਉਨ੍ਹਾਂ ਤੋਂ ਤਮਗਾ ਜਿੱਤਣ ਦੀ ਉਮੀਦ ਹੈ। ਮਨੂ ਨੇ 2 ਤਗਮੇ ਜਿੱਤੇ ਹਨ ਅਤੇ ਇਸ ਵਾਰ ਉਨ੍ਹਾਂ ਦੀ ਨਜ਼ਰ ਤਮਗੇ ਦੀ ਹੈਟ੍ਰਿਕ ‘ਤੇ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਉਹ ਨਿਸ਼ਾਨਾ ਤੈਅ ਕਰੇਗੀ।