Toronto- ਕੈਨੇਡਾ ਦੇ ਤਿੰਨ ਮੰਦਰਾਂ ’ਚ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ 8 ਅਕਤੂਬਰ ਨੂੰ ਰਾਤੀਂ ਕਰੀਬ 12.45 ਵਜੇ ਵੈੱਸਟ ਡਿਵੀਜ਼ਨ ਦੇ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਦੇ ਪਿਕਰਿੰਗ ਸ਼ਹਿਰ ’ਚ ਇੱਕ ਧਾਰਮਿਕ ਮੰਦਰ ’ਚ ਤੋੜ ਭੰਨ ਅਤੇ ਲੁੱਟ ਦਾ ਮਾਮਲਲਾ ਦਰਜ ਕੀਤਾ ਸੀ। ਬੁੱਧਵਾਰ ਨੂੰ ਜਾਰੀ ਇੱਕ ਬਿਆਨ ’ਚ ਡਰਹਮ ਖੇਤਰੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ, ‘‘ਸੁਰੱਖਿਆ ਨਿਗਰਾਨੀ ਕੈਮਰਿਆਂ ’ਚ ਇੱਕ ਪੁਰਸ਼ ਨੂੰ ਮੰਦਰ ਦੇ ਅੰਦਰ ਦਾਖ਼ਲ ਹੁੰਦਿਆਂ ਅਤੇ ਦਾਨ ਪੇਟੀਆਂ ’ਚੋਂ ਵੱਡੀ ਮਾਤਰਾ ’ਚ ਨਕਦੀ ਲੈਂਦਿਆਂ ਦੇਖਿਆ ਗਿਆ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉੱਥੋਂ ਭੱਜ ਗਿਆ।’’
ਇਸ ਘਟਨਾ ਦੇ ਤੁਰੰਤ ਮਗਰੋਂ, ਲਗਭਗ 1.30 ਵਜੇ ਅਧਿਕਾਰੀਆਂ ਨੇ ਪਿਕਰਿੰਗ ਦੇ ਇੱਕ ਹੋਰ ਮੰਦਰ ’ਚ ਵੀ ਇਸੇ ਤਰ੍ਹਾਂ ਦੀ ਘਟਨਾ ਦਰਜ ਕੀਤੀ। ਪੁਲਿਸ ਨੇ ਕਿਹਾ ਕਿ ਮੰਦਰ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਖਿੜਕੀ ਤੋੜ ਦਿੱਤੀ ਅਤੇ ਇੱਕ ਤਿਜੋਰੀ ਨੂੰ ਚੋਰੀ ਕਰਨ ਦਾ ਯਤਨ ਕੀਤਾ ਸੀ, ਜਿਸ ’ਚ ਦਾਨ ਕੀਤੀ ਗਈ ਨਕਦੀ ਰੱਖੀ ਹੋਈ ਸੀ। ਹਾਲਾਂਕਿ ਇਸ ਵਾਰਦਾਤ ਨੂੰ ਦੇਣ ’ਚ ਉਕਤ ਵਿਅਕਤੀ ਅਸਫ਼ਲ ਰਿਹਾ ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉੱਥੋਂ ਭੱਜ ਗਿਆ। ਜਦੋਂ ਨਿਗਰਾਨੀ ਫੁਟੇਜ ਦੀ ਸਮੀਖਿਆ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਕਤ ਸ਼ੱਕੀ ਉਹੀ ਸੀ, ਜਿਸ ਨੇ ਪਹਿਲੇ ਮੰਦਰ ’ਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਇਨ੍ਹਾਂ ਦੋਹਾਂ ਘਟਨਾਵਾਂ ਤੋਂ ਮਗਰੋਂ ਲਗਭਗ 2.50 ਵਜੇ, ਉਹ ਵਿਅਕਤੀ ਗੁਆਂਢੀ ਸ਼ਹਿਰ ਅਜਾਕਸ ’ਚ ਇੱਕ ਹੋਰ ਮੰਦਰ ’ਚ ਵੜ ਗਿਆ ਅਤੇ ਉਸ ਨੇ ਉੱਥੋਂ ਦਾਨ ਪੇਟੀ ’ਚ ਵੱਡੀ ਮਾਤਰਾ ’ਚ ਨਕਦੀ ਚੋਰੀ ਕਰ ਲਈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਲਗਭਗ 5 ਫੁੱਟ 9 ਇੰਚ ਲੰਬਾ ਅਤੇ ਉਸ ਦਾ ਭਾਰ ਕਰੀਬ 90 ਕਿਲੋ ਹੈ। ਸ਼ੱਕੀ ਨੂੰ ਲੰਗੜਾ ਕੇ ਚੱਲਦਿਆਂ ਦੇਖਿਆ ਗਿਆ ਹੈ।