ਫੇਸਬੁੱਕ ਨੇ ਤਾਲਿਬਾਨ ‘ਤੇ ਲਗਾਈ ਪਾਬੰਦੀ

ਵਾਸ਼ਿੰਗਟਨ : ਤਾਲਿਬਾਨ ਆਪਣੇ ਆਪ ਨੂੰ ਅਫਗਾਨਿਸਤਾਨ ਦੀ ਨਵੀਂ ਸਰਕਾਰ ਵਜੋਂ ਪੇਸ਼ ਕਰ ਰਿਹਾ ਹੈ ਪਰ ਫੇਸਬੁੱਕ ਨੇ ਤਾਲਿਬਾਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਤਾਲਿਬਾਨ ਅਮਰੀਕੀ ਕਾਨੂੰਨ ਦੇ ਤਹਿਤ ਇਕ ਅੱਤਵਾਦੀ ਸੰਗਠਨ ਹੈ ਅਤੇ ਇਸ ਲਈ ਸਾਡੀ ਸੇਵਾ ਵਿਚ ਇਸ ਉੱਤੇ ਪਾਬੰਦੀ ਰਹੇਗੀ।

ਫੇਸਬੁੱਕ ਦੀਆਂ ਨੀਤੀਆਂ ਅਨੁਸਾਰ ਅੱਤਵਾਦੀ ਸੰਗਠਨ ਨੂੰ ਪਲੇਟਫਾਰਮ ‘ਤੇ ਜਗ੍ਹਾ ਨਹੀਂ ਦਿੱਤੀ ਜਾ ਸਕਦੀ। ਤਾਲਿਬਾਨ ਜਾਂ ਇਸ ਨਾਲ ਜੁੜੇ ਕਿਸੇ ਵੀ ਖਾਤੇ ਜਾਂ ਪੋਸਟ ਨੂੰ ਫੇਸਬੁੱਕ ‘ਤੇ ਜਗ੍ਹਾ ਨਹੀਂ ਮਿਲੇਗੀ। ਫੇਸਬੁੱਕ ਨੇ ਕਿਹਾ ਕਿ ਅਸੀਂ ਉਨ੍ਹਾਂ ਖਾਤਿਆਂ ਨੂੰ ਮਿਟਾ ਰਹੇ ਹਾਂ ਜੋ ਉਹ ਸੰਭਾਲ ਰਹੇ ਹਨ। ਫੇਸਬੁੱਕ ਨੇ ਵੀ ਇਸ ਨਿਯਮ ਦੀ ਪਾਲਣਾ ਕਰਨ ਦੀ ਤਿਆਰੀ ਕਰ ਲਈ ਹੈ।

ਫੇਸਬੁੱਕ ਨੇ ਇਹ ਵੀ ਦੱਸਿਆ ਹੈ ਕਿ ਅਸੀਂ ਆਪਣੀ ਟੀਮ ਵਿਚ ਅਫਗਾਨਿਸਤਾਨ ਦੇ ਬਹੁਤ ਸਾਰੇ ਮਾਹਰਾਂ ਨੂੰ ਸ਼ਾਮਲ ਕੀਤਾ ਹੈ, ਜੋ ਉੱਥੋਂ ਦੀ ਭਾਸ਼ਾ, ਪਸ਼ਤੋ ਜਾਂ ਦਾਰੀ ਜਾਣਦੇ ਹਨ, ਜੋ ਪਲੇਟਫਾਰਮ ਤੇ ਉੱਭਰ ਰਹੇ ਮੁੱਦਿਆਂ ਨੂੰ ਪਛਾਣਨ ਅਤੇ ਸੁਚੇਤ ਰਹਿਣ ਵਿਚ ਸਾਡੀ ਸਹਾਇਤਾ ਕਰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਕ ਤਾਲਿਬਾਨ ਅਧਿਕਾਰੀ ਨੇ ਅਫਗਾਨਿਸਤਾਨ ਵਿਚ ਸਾਰਿਆਂ ਲਈ ਮੁਆਫੀ ਦਾ ਐਲਾਨ ਕਰਦੇ ਹੋਏ ਔਰਤਾਂ ਨੂੰ ਸਰਕਾਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸਲਾਮਿਕ ਅਮੀਰਾਤ ਦੇ ਸੱਭਿਆਚਾਰ ਕਮਿਸ਼ਨਰ ਦੇ ਮੈਂਬਰ ਏਨਮੁੱਲਾਹ ਸਮੰਗਾਨੀ ਨੇ ਅਫਗਾਨ ਸਟੇਟ ਟੀਵੀ ‘ਤੇ ਇਹ ਟਿੱਪਣੀ ਕੀਤੀ, ਜੋ ਹੁਣ ਤਾਲਿਬਾਨ ਦੇ ਕੰਟਰੋਲ ਵਿਚ ਹੈ।

ਦਰਅਸਲ, ਤਾਲਿਬਾਨ ਅਫਗਾਨਿਸਤਾਨ ਲਈ ਇਸਲਾਮਿਕ ਅਮੀਰਾਤ ਦੀ ਵਰਤੋਂ ਕਰਦਾ ਹੈ।

ਟੀਵੀ ਪੰਜਾਬ ਬਿਊਰੋ