ਕਾਂਗਰਸ ਨੇ ਰਾਜਪਾਲ ਤੋਂ ਮੰਗੀ ਹੜ੍ਹ ਪੀੜਤਾਂ ਲਈ 10 ਹਜ਼ਾਰ ਦੀ ਮੁਆਵਜ਼ਾ ਰਕਮ

ਡੈਸਕ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿੱਠੀ ਵਿਚ ਲਿਖਿਆ ਕਿ ਹੜ੍ਹ ਕਾਰਨ ਬਹੁਤ ਸਾਰੀਆਂ ਮਨੁੱਖੀ ਜ਼ਿੰਦਗੀਆਂ ਤਬਾਹ ਹੋਈਆਂ ਹਨ ਤੇ ਸੈਂਕੜੇ ਘਰ ਨਸ਼ਟ ਹੋ ਗਏ ਜਿਸ ਕਾਰਨ ਪਰਿਵਾਰ ਬੇਘਰ ਹੋ ਗਏ ਹਨ। ਵਪਾਰ ਠੱਪ ਹੋ ਗਏ ਹਨ, ਦੁਕਾਨਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਕਈ ਦੁਧਾਰੂ ਜਾਨਵਰ ਵੀ ਮਰ ਗਏ ਤੇ ਨਾਲ ਹੀ 4 ਲੱਖ ਹੈਕਟੇਅਰ ਉਪਜਾਊ ਜ਼ਮੀਨ ਵੀ ਨਸ਼ਟ ਹੋ ਗਈ ਹੈ। ਪੀੜਤਾਂ ਦੇ ਜੀਵਨ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ ਲਈ ਤੇ ਹੋਰ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਵਿੱਤੀ ਸਹਾਇਤਾ ਦੀ ਫੌਰੀ ਜ਼ਰੂਰਤ ਹੈ।

ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ 5 ਲੱਖ ਏਕੜ ਫਸਲਾਂ ਪੂਰੀ ਤਰ੍ਹਾਂ ਤੋਂ ਤਬਾਹ ਹੋ ਚੁੱਕੀਆਂ ਹਨ ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉੁਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਉਨ੍ਹਾਂ ਨੂੰ 5 ਲੱਖ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਜ਼ਖਮੀਆਂ ਨੂੰ 5 ਲੱਖ ਪ੍ਰਤੀ ਵਿਅਕਤੀ ਤੇ ਜਿਨ੍ਹਾਂ ਦੇ ਪਰਿਵਾਰ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ 25 ਲੱਖ ਪ੍ਰਤੀ ਵਿਅਕਤੀ ਦਿੱਤੇ ਜਾਣ। ਪ੍ਰਭਾਵਿਤ ਦੁਕਾਨਦਾਰਾਂ ਨੂੰ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ ਤੇ ਪਸ਼ੂਆਂ ਦੇ ਹੋਏ ਨੁਕਸਾਨ ਲਈ ਉਨ੍ਹਾਂ ਦੇ ਮਾਲਕਾਂ ਨੂੰ 50,000 ਰੁਪਏ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਂਦਰ ਤੋਂ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਮਦਦ ਦੀ ਲੋੜ ਹੈ। ਕੇਂਦਰ ਸਰਕਾਰ ਨੇ ਵਿੱਤੀ ਸਹਾਇਤਾ ਦੀ ਮਾਮੂਲੀ ਰਕਮ ਅਲਾਟ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਐਮਰਜੈਂਸੀ ਨਾਲ ਨਿਪਟਣ ਲਈ 218 ਕਰੋੜ ਕਾਫੀ ਨਹੀਂ ਹਨ। ਉੁਨ੍ਹਾਂ ਰਾਜਪਾਲ ਨੂੰ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮੁਆਵਜਾ ਦੇਣ ਤੇ ਹੜ੍ਹ ਪੀੜਤਾਂ ਦੀ ਪੁਨਰਵਾਸ ਲਈ NDRF, ਪ੍ਰਧਾਨ ਮੰਤਰੀ ਰਾਹਤ ਫੰਡ ਤੇ ਭਾਰਤ ਕੰਟੀਜੈਂਸੀ ਫੰਡ ਤੋਂ ਪੈਸੇ ਜਾਰੀ ਕਰਨ ਦੀ ਅਪੀਲ ਕੇਂਦਰ ਸਰਕਾਰ ਤੋਂ ਕਰੇ।