ਸਾਦੇ ਢੰਗ ਨਾਲ ਹੋਇਆ ਮੁੱਖ ਮੰਤਰੀ ਦੇ ਪੁੱਤਰ ਦਾ ਵਿਆਹ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਸਿਮਰਨਧੀਰ ਕੌਰ ਨਾਲ ਹੋਇਆ। ਸਿਮਰਨਧੀਰ ਕੌਰ ਡੇਰਾਬੱਸੀ ਦੇ ਪਿੰਡ ਅਮਲਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਵਿਆਹ ਮੋਹਾਲੀ ਦੇ ਫੇਜ 3ਬੀ 1 ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਵਿਖੇ ਹੋਇਆ।

ਇਸ ਵਿਆਹ ਸਮਾਗਮ ਵਿਚ ਕੈਬਨਿਟ ਮੰਤਰੀ, ਵਿਧਾਇਕ ਅਤੇ ਕੁੱਝ ਹੋਰ ਸੀਨੀਅਰ ਆਗੂ ਹਾਜ਼ਰ ਹੋਏ। ਵਿਆਹ ਦੌਰਾਨ ਮੁੱਖ ਮੰਤਰੀ ਚੰਨੀ ਦੇ ਚਿਹਰੇ ‘ਤੇ ਖੁਸ਼ੀਆਂ ਆਪ ਮੁਹਾਰੇ ਵੇਖੀਆਂ ਜਾ ਰਹੀਆਂ ਸਨ। ਮੁੱਖ ਮੰਤਰੀ ਚੰਨੀ ਖੁਦ ਗੱਡੀ ਚਲਾ ਕੇ ਲਿਆਏ।

ਬਰਾਤ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਸਵਾਗਤ ਤੋਂ ਬਾਅਦ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਗਿਆ। ਇਸ ਮਗਰੋਂ ਅਨੰਦ ਕਾਰਜ ਹੋਏ। ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ।

ਇਸ ਵਿਆਹ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪੁਲਿਸ ਵੱਲੋਂ ਵੀ ਪੂਰੇ ਚੌਕਸ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਚੰਨੀ ਦੇ ਪੁੱਤਰ ਨਵਜੀਤ ਸਿੰਘ ਨੇ ਇੰਜੀਨੀਅਰ ਕੀਤੀ ਹੋਈ ਹੈ ਜਦਕਿ ਉਸਦੀ ਪਤਨੀ ਐਮਬੀਏ ਕਰ ਰਹੀ ਹੈ।

ਵਿਆਹ ਸਮਾਗਮ ਵਿਚ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਹਰੀਸ਼ ਰਾਵਤ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ ਆਦਿ ਕਾਂਗਰਸੀ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।

ਟੀਵੀ ਪੰਜਾਬ ਬਿਊਰੋ