ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਹੌਲੀ-ਹੌਲੀ ਬੇਕਾਬੂ ਹੁੰਦਾ ਜਾ ਰਿਹਾ ਹੈ। ਕਰੋਨਾ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਇਸ ਕੜੀ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 5,880 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੁਣ ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 35,199 ਹੋ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 5357 ਨਵੇਂ ਮਰੀਜ਼ ਮਿਲੇ ਸਨ। ਦੂਜੇ ਪਾਸੇ ਪਿਛਲੇ ਸ਼ਨੀਵਾਰ ਨੂੰ 6155 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 1801 ਨਵੇਂ ਮਾਮਲੇ ਸਾਹਮਣੇ ਆਏ ਹਨ।
ਅੱਜ ਦੇਸ਼ ਭਰ ਦੇ ਹਸਪਤਾਲਾਂ ਵਿੱਚ ਕੋਰੋਨਾ ਨੂੰ ਲੈ ਕੇ ਮੌਕ ਡਰਿੱਲ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ 7 ਅਪ੍ਰੈਲ ਨੂੰ ਹੋਈ ਸਮੀਖਿਆ ਮੀਟਿੰਗ ਵਿੱਚ ਰਾਜ ਦੇ ਸਿਹਤ ਮੰਤਰੀਆਂ ਨੂੰ ਹਸਪਤਾਲ ਦਾ ਦੌਰਾ ਕਰਨ ਅਤੇ ਮੌਕ ਡਰਿੱਲ ਦੇਖਣ ਦੀ ਬੇਨਤੀ ਕੀਤੀ ਸੀ। ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ 8 ਅਤੇ 9 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਦੀ ਵੀ ਸਲਾਹ ਦਿੱਤੀ ਸੀ।