ਚੱਲ ਯਾਰ ਧੱਕਾ ਮਾਰ ….. ਬੰਦ ਹੈ ਸਿਆਸੀ ਕਾਰ

ਜਲੰਧਰ- ‘ਮੇਰਾ ਯਾਰ ਇਮਰਾਨ ਖਾਨ ਜਿਵੇ ਤੇ ਨਾਲੇ ਜਿਵੇ ਪਾਕਿਸਤਾਨ’ ।ਇਹ ਕਹਿਣਾ ਸੀ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਦਾ । ਜੋ ਉਨ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਦੌਰਾਨ ਪਾਕਿਸਤਾਨ ‘ਚ ਹੋਏ ਸਮਾਗਮ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਇਮਰਾਨ ਖਾਨ ਦੀ ਸ਼ਲਾਘਾ ਕਰਦਿਆਂ ਹੋਇਆਂ ਆਖੀਆਂ ਸਨ ।ਉਸ ਮੌਕੇ ਸਾਰਾ ਮੇਲਾ ਸਿੱਧੂ ਲੁੱਟ ਕੇ ਲੈ ਗਏ ਸਨ ।ਪਾਕਿਸਤਾਨ ਵਲੋਂ੍ਹ ਵੀ ਸਿੱਧੂ ਦੀ ਆਮਦ ‘ਤੇ ਉਨ੍ਹਾਂ ਦਾ ਖਾਸ ਤਰੀਕੇ ਨਾਲ ਸਵਾਗਤ ਕੀਤਾ ਗਿਆ ਸੀ ।ਵਜ਼ੀਰ ਏ ਆਜ਼ਮ ਇਮਰਾਨ ਖਾਨ ਨੇ ਵੀ ਘੱਟ ਨਹੀਂ ਕੀਤੀ ਸੀ ।ਬੋਲੇ ਕਿ ਸਿੱਧੂ ਦੀ ਪਾਕਿਸਤਾਨ ਚ ਇੰਨੀ ਮਸ਼ਹੂਰੀ ਹੈ ਕਿ ਜੇਕਰ ਸਿੱਧੂ ਇਸ ਮੁਲਕ ਤੋਂ ਚੋਣ ਵੀ ਲੜ ਲੈਣ ਤਾਂ ਜਿੱਤ ਜਾਣਗੇ ।ਦੋਹਾਂ ਦੀ ਦੋਸਤੀ ਦੀ ਖੂਬ ਚਰਚਾ ਹੋਈ ।ਪਰ ਹੁਣ ਸਮਾਂ ਬਦਲ ਗਿਆ ਹੈ ।ਸਿਆਸਤ ‘ਤੇ ਅਰਸ਼ ‘ਤੇ ਰਹੇ ਦੋਹੇਂ ਦੋਸਤ ਹੁਣ ਆਪਣੇ ਆਪਣੇ ਮੁਲਕ ਚ ਸਿਆਸੀ ਫਰਸ਼ ‘ਤੇ ਪਹੁੰਚੇ ਜਾਪ ਰਹੇ ਹਨ । ਪਾਕਿਸਤਾਨ ਚ ਜਿੱਤ ਦਾ ਦਾਅਵਾ ਕਰਨ ਵਾਲੇ ਸਿੱਧੂ ਆਪਣੇ ਹੀ ਦੇਸ਼ ਚ ਆਪਣੇ ਹੀ ਸ਼ਹਿਰ ਆਪਣੇ ਹੀ ਹਲਕੇ ਤੋਂ ਬੁਰੀ ਤਰ੍ਹਾਂ ਨਾਲ ਚੋਣ ਹਾਰ ਗਏ ।

ਕੁੱਝ ਅਜਿਹਾ ਹੀ ਹਾਲ ਦੂਜੇ ਦੋਸਤ ਇਮਰਾਨ ਖਾਨ ਦਾ ।ਸਿੱਧੂ ਜਿਵੇਂ ਹੀ ਪੰਜਾਬ ਚ ਚੋਣ ਹਾਰੇ ,ਪਾਕਿਸਤਾਨ ਚ ਇਮਰਾਨ ਕਾਨ ਦਾ ਵੀ ਮਾਵਾ ਸਮਾਂ ਸ਼ੁਰੂ ਹੋ ਗਿਆ ।ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਸੱਤਾ ਤੋਂ ਜਾਂਦੀ ਨਜ਼ਰ ਆਉਣ ਲੱਗੀ ।ਹਾਲਾਤ ਬਦਲ ਹੀ ਰਹੇ ਸਨ ਕਿ ਇਮਰਾਨ ਦੀ ਰੂਸ ਯਾਤਰਾ ਨੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ।ਰੂਸ ਨੂੰ ਸਮਰਥਨ ਦੇਣ ‘ਤੇ ਪਾਕਿਸਤਾਨ ਦੀ ਫੌਜ ਨੇ ਇਸ ‘ਤੇ ਇਤਰਾਜ਼ ਜਤਾਇਆ । ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਰੂਸ ਦੀ ਥਾਂ ਛੋਟੇ ਮੁਲਕ ਯੂਕਰੇਨ ਨੂੰ ਮਦਦ ਦੇਣ ਦੀ ਗੱਲ ਆਖ ਦਿੱਤੀ ।ਹਾਲਾਤ ਇਨੇ ਬਦਲੇ ਕਿ ਅੰਸੈਬਲੀ ਚ ਇਮਰਾਨ ਸਰਕਾਰ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਪੇਸ਼ਕਸ਼ ਕੀਤੀ ਗਈ ।ਇਮਰਾਨ ਖਾਨ ਆਪਣੀ ਕੁਰਸੀ ਦੇ ਬਚੇ ਦਿਨਾਂ ਤੋਂ ਵਾਕਿਫ ਸਨ । ਸੋ ਵਰਲਡ ਕਪ ਜੇਤੂ ਕਪਤਾਨ ਨੇ ਵਿਰੋਧੀਆਂ ਦੇ ਬਾਊਂਸਰ ਤੋਂ ਪਹਿਲਾਂ ਹੀ ਵਿਕਟ ਛੱਡ ਦਿੱਤੀ ।ਡਿਪਟੀ ਸਪੀਕਰ ਨੇ ਬੇਭਰੋਸਗੀ ਮਤੇ ਨੂੰ ਗੈਰ ਸੰਵੈਦਾਨਿਕ ਦੱਸ ਇਸ ਨੂੰ ਇਜ਼ਾਜ਼ਤ ਨਹੀਂ ਦਿੱਤੀ ।ਦੂਜੇ ਪਾਸੇ ਇਮਰਾਨ ਖਾਨ ਨੇ ਖੁਦ ਰਾਸ਼ਟਰਪਤੀ ਨੂੰ ਮਿਲ ਆਪਣੀ ਸਰਕਾਰ ਭੰਗ ਕਰਨ ਦੀ ਸਿਫਾਰਿਸ਼ ਕਰ ਦਿੱਤੀ ।ਅਸੈਂਬਲੀ ਭੰਗ ਹੋਣ ਦੇ ਨਾਲ ਹੀ ਹੁਣ ਪਾਕਿਸਤਾਨ ਚ ਨਵੀਂ ਸਰਕਾਰ ਲਈ ਚੋਣ ਦਾ ਰਾਹ ਖੁੱਲ ਗਿਆ ਹੈ ।

ਇਮਰਾਨ ਖਾਨ ਦੇ ਵਿਰੋਧੀ ਇਸ ਨੂੰ ਕਾਯਰਤਾ ਵਾਲੀ ਕਰਤੂਰ ਦੱਸ ਸੁਪਰੀਮ ਕੋਰਟ ਚਲੇ ਗਏ ਹਨ ।ਪਾਕਿਸਤਾਨ ‘ਚ ਕਨੂੰਨੀ ਜਾਣਕਾਰ ਹੁਣ ਕਨੂੰਨ ਦੀਆਂ ਕਿਤਾਬਾਂ ਖੋਲ ਸਿਆਸੀ ਦਾਅ ਪੇਂਚ ਲੱਭ ਰਹੇ ਹਨ ।