ਡੈਸਕ- ਦੇਸ਼ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ‘ਚ ਦੇਸ਼ ‘ਚ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ 10,000 ਨੂੰ ਪਾਰ ਕਰ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 10,158 ਨਵੇਂ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਵੱਧ ਰਹੇ ਕੇਸਾਂ ਕਾਰਨ ਹੁਣ ਐਕਟਿਵ ਕੇਸ ਵੀ ਵੱਧ ਰਹੇ ਹਨ ਅਤੇ 50 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਰੋਨਾ ਦੇ 10,158 ਨਵੇਂ ਅੰਕੜਿਆਂ ਦੇ ਆਉਣ ਨਾਲ, ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 44,998 ਹੋ ਗਈ ਹੈ। ਇੱਕ ਦਿਨ ਪਹਿਲਾਂ ਬੁੱਧਵਾਰ ਨੂੰ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 7,830 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੀ ਇਹ ਗਿਣਤੀ 223 ਦਿਨਾਂ ਬਾਅਦ ਦੇਸ਼ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਕੇਸ ਸਨ।
ਦਿੱਲੀ ‘ਚ ਵੀ ਕੋਰੋਨਾ ਨਾਲ ਟੈਂਸ਼ਨ
ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ 12 ਅਪ੍ਰੈਲ ਨੂੰ ਕੋਰੋਨਾ ਦੇ 1149 ਨਵੇਂ ਮਾਮਲੇ ਦਰਜ ਕੀਤੇ ਗਏ ਸੀ। ਸੰਕਰਮਣ ਦੀ ਦਰ 23.8% ਹੋ ਗਈ ਹੈ। ਜਦਕਿ 1 ਮਰੀਜ਼ ਦੀ ਵੀ ਕੋਵਿਡ ਕਾਰਨ ਮੌਤ ਹੋ ਗਈ ਸੀ। ਦਿੱਲੀ ਵਿੱਚ ਇਸ ਸਮੇਂ ਕੋਰੋਨਾ ਦੇ ਕੁੱਲ 3347 ਐਕਟਿਵ ਕੇਸ ਹਨ। ਜਿਨ੍ਹਾਂ ਵਿੱਚੋਂ 1995 ਹੋਮ ਆਈਸੋਲੇਸ਼ਨ ਵਿੱਚ ਹਨ ਅਤੇ 203 ਮਰੀਜ਼ ਹਸਪਤਾਲ ਵਿੱਚ ਦਾਖਲ ਹਨ।