ਪੰਜਾਬ ‘ਚ ਖਤਮ ਹੋਈ ਕੋਰੋਨਾ ਵੈਕਸੀਨ, ਕੈਪਟਨ ਨੇ ਕੇਂਦਰ ਤੋਂ ਮੰਗੀਆਂ ਹੋਰ ਖੁਰਾਕਾਂ

ਚੰਡੀਗੜ੍ਹ-ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੂਬੇ ਕੋਲ ਕੋਵੀਸ਼ੀਲਡ ਦਾ ਭੰਡਾਰ ਖਤਮ ਹੋ ਚੁੱਕਾ ਹੈ, ਇਸ ਲਈ ਇਹ ਵੈਕਸੀਨ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤੱਕ 62 ਲੱਖ ਤੋਂ ਵੱਧ ਵਿਅਕਤੀਆਂ ਨੂੰ ਟੀਕੇ ਲਗਾ ਚੁੱਕੀ ਹੈ ਅਤੇ ਬਿਨਾਂ ਕਿਸੇ ਬਰਬਾਦੀ ਤੋਂ ਸਟਾਕ ਦੀ ਵਰਤੋਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਅਹਿਮ ਹੋ ਗਿਆ ਹੈ ਕਿਉਂਕਿ ਪੰਜਾਬ ਹੁਣ ਹੌਲੀ-ਹੌਲੀ ਘੱਟੋ ਘੱਟ ਇਕ ਖੁਰਾਕ ਲੈਣ ਦੀ ਸ਼ਰਤ ‘ਤੇ ਕੰਮ ਕਰਨ ਨੂੰ ਢਿੱਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਤੁਰੰਤ ਕੇਂਦਰੀ ਸਿਹਤ ਮੰਤਰੀ ਕੋਲ ਉਠਾਉਣਗੇ ਅਤੇ ਜ਼ਰੂਰਤ ਪੈਣ ‘ਤੇ ਪ੍ਰਧਾਨ ਮੰਤਰੀ ਕੋਲ ਵੀ ਇਹ ਮੁੱਦਾ ਉਠਾਉਣਗੇ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਸਾਸ਼ਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਗੁਜਰਾਤ ਨੂੰ ਕੇਂਦਰ ਵੱਲੋਂ ਵੱਡੀ ਮਾਤਰਾ ਵਿਚ ਖੁਰਾਕ ਮੁਹੱਈਆ ਕਰਵਾਉਣ ਬਾਰੇ ਸਵਾਲ ਕੀਤਾ।

ਇਸ ਦੇ ਸਬੰਧ ਵਿਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤਕ ਤਕਰੀਬਨ 79000 ਪੰਜਾਬ ਪੁਲਿਸ ਕਰਮਚਾਰੀਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ ਜਿਸ ਵਿਚੋਂ 57 ਫ਼ੀਸਦੀ ਨੂੰ ਦੂਜੀ ਖੁਰਾਕ ਲਗਾਈ ਗਈ ਹੈ। ਡਾ. ਰਾਜੇਸ਼ ਕੁਮਾਰ ਵੱਲੋਂ 3 ਫਰਵਰੀ ਤੋਂ 28 ਜੂਨ ਦਰਮਿਆਨ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਕਿ ਇਸ ਸਮੇਂ ਦੌਰਾਨ ਹੋਈਆਂ ਕੁੱਲ ਮੌਤਾਂ ਵਿਚੋਂ 15 ਮੌਤਾਂ ਟੀਕਾ ਨਾ ਲਗਾਉਣ ਵਾਲਿਆਂ ਦੀਆਂ ਹੋਈਆਂ ਹਨ ਜਿਨ੍ਹਾਂ ਨੇ ਕੋਈ ਵੀ ਖੁਰਾਕ ਨਹੀਂ ਲਈ ਸੀ ਜਦੋਂ ਕਿ ਦੋਵੇਂ ਖੁਰਾਕਾਂ ਲੈਣ ਵਾਲੇ ਸਿਰਫ਼ ਇਕ ਵਿਅਕਤੀ ਦੀ ਮੌਤ ਹੋਈ।

ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਟੀਕਾਕਰਨ, ਟੈਸਟਿੰਗ ਅਤੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਦੇ ਮਾਮਲੇ ਵਿੱਚ ਸਹਾਇਤਾ ਲਈ ਜਨਤਾ ਨੂੰ ਉਤਸ਼ਾਹਤ ਕਰਨ ਹਿੱਤ ਮੁਹਿੰਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਾਰੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਰਗਰਮ ਕੀਤਾ ਜਾਣਾ ਚਾਹੀਦਾ ਹੈ।