ਬਦਲ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ , ਹੁਣ 8 ਤੋਂ 2 ਵਜੇ ਤੱਕ ਹੋਵੇਗੀ ਪੜ੍ਹਾਈ

ਡੈਸਕ- ਮੌਸਮ ਦੀ ਤਬਦੀਲੀ ਦੇ ਨਾਲ ਹੀ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ਵਿਚ ਅੱਜ ਤੋਂ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਰਕਾਰੀ, ਨਿੱਜੀ ਏਡਿਡ ਤੇ ਮਾਨਤਾ ਪ੍ਰਾਪਤ ਸਕੂਲ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 8 ਵਜੇ ਖੁੱਲਣਗੇ ਜਦੋਂ ਕਿ ਛੁੱਟੀ ਦੁਪਹਿਰ 2 ਵਜੇ ਹੋਵੇਗੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਨਿਯਮ ਤੋੜਨ ‘ਤੇ ਸਖਤ ਕਾਰਵਾਈ ਹੋਵੇਗੀ। ਸਰਦੀਆਂ ਦੇ ਸਮੇਂ ਵਿਚ ਸੂਕਲਾਂ ਦਾ ਸਮੇਂ 9 ਵਜੇ ਕੀਤਾ ਗਿਆ ਸੀ। ਇਸ ਦੇ ਬਾਅਦ ਜਦੋਂ ਪ੍ਰੀਖਿਆਵਾਂ ਸ਼ੁਰੂ ਹੋਈਆਂ ਤਾਂ ਸਕੂਲਾਂ ਦੇ ਲੱਗਣ ਦਾ ਸਮਾਂ 8.30 ਵਜੇ ਕਰ ਦਿੱਤਾ ਗਿਆ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਪ੍ਰੈਲ ਵਿਚ ਆਯੋਜਿਤ ਕੀਤੀ ਜਾਣ ਵਾਲੀ ਕਲਾਸ ਦਸਵੀਂ ਪੱਧਰ ਦੀ ਵਾਧੂ ਪੰਜਾਬੀ ਦੀ ਪ੍ਰੀਖਿਆ ਦਾ ਸ਼ੈਡਿਊਲ ਸ਼ੁੱਕਰਵਾਰ ਨੂੰ ਐਲਾਨਿਆ ਸੀ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ‘ਤੇ 1 ਅਪ੍ਰੈਲ ਤੋਂ ਮੌਜੂਦ ਰਹਿਣਗੇ। ਪ੍ਰੀਖਿਆ ਫਾਰਮ 18 ਅਪ੍ਰੈਲ ਤੱਕ PSEB ਦੇ ਮੁੱਖ ਦਫਤਰ ਵਿਚ ਸਿੰਗਲ ਵਿੰਡੋ ਰਾਹੀਂ ਲਏ ਜਾਣਗੇ।

ਪ੍ਰੀਖਿਆ ਫਾਰਮ ਦੀ ਹਾਰਡ ਕਾਪੀ ਬੋਰਡ ਮੁੱਖ ਦਫਤਰ ਵਿਚ ਜਮ੍ਹਾ ਕਰਵਾਉਂਦੇ ਹੋਏ ਅਰਜ਼ੀਕਰਤਾ ਨੂੰ ਆਪਣੇ ਮੈਟ੍ਰਿਕ ਪਾਸ ਦੇ ਅਸਲੀ ਸਰਟੀਫਿਕੇਟ, ਫੋਟੋ ਪਛਾਣ ਪੱਤਰ ਤੇ ਇਨ੍ਹਾਂ ਦੀ ਅਟੈਸਟੇਡ ਫੋਟੋ ਕਾਪੀ ਨਾਲ ਲੈ ਕੇ ਆਉਣਾ ਹੋਵੇਗਾ। ਨਾਲ ਹੀ ਅਟੈਸਟੇਡ ਫਾਰਮ ਬੋਰਡ ਮੁੱਖ ਦਫਤਰ ਵਿਚ ਜਮ੍ਹਾ ਕਰਵਾਉਣਾ ਹੋਵੇਗਾ। ਜੇਕਰ ਤੈਅ ਸਮੇਂ ਵਿਚ ਅਟੈਸਟੇਡ ਫਾਰਮ ਜਮ੍ਹਾ ਨਹੀਂ ਕਰਵਾਏ ਜਾਂਦੇ ਹਨ ਤਾਂ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। 24 ਅਪ੍ਰੈਲ ਨੂੰ ਰੋਲ ਨੰਬਰ ਬੋਰਡ ਦੀ ਵੈੱਬਸਾਈਟ ਤੋਂ ਹਾਸਲ ਕੀਤੇ ਜਾ ਸਕਣਗੇ। ਪ੍ਰੀਖਿਆ 28 ਤੇ 29 ਅਪ੍ਰੈਲ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਸਬੰਧੀ ਜ਼ਿਆਦਾ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਹਾਸਲ ਕੀਤੀ ਜਾ ਸਕਦੀ ਹੈ।