ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਵੀਡੀਓ ਬਣਾਉਣ ਦੇ ਮਾਮਲੇ ‘ਚ ਇਕ ਹੋਰ ਨੌਜਵਾਨ ਦੀ ਐਂਟਰੀ ਹੋਈ ਹੈ। ਮਾਮਲੇ ‘ਚ ਹੁਣ ਤਕ ਵਿਦਿਆਰਥਣ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਐੱਸਆਈਟੀ ਨੇ ਇਕ ਹੋਰ ਨੌਜਵਾਨ ਨੂੰ ਵੀ ਹਿਰਾਸਤ ‘ਚ ਲਿਆ ਹੈ। ਇਹ ਨੌਜਵਾਨ ਵਿਦਿਆਰਥਣ ਨੂੰ ਬਲੈਕਮੇਲ ਕਰਦਾ ਸੀ।
ਸੂਤਰਾਂ ਮੁਤਾਬਕ ਇਹ ਨੌਜਵਾਨ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ। ਉਸ ਤੋਂ 33 ਵੀਡੀਓ ਮਿਲਣ ਦੀ ਚਰਚਾ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਅਜੇ ਤਕ ਕੋਈ ਪੁਸ਼ਟੀ ਨਹੀਂ ਕੀਤੀ ਹੈ। ਇਸ ਮਾਮਲੇ ‘ਚ ਗਠਿਤ ਐੱਸਆਈਟੀ ਨੂੰ ਏਡੀਜੀਪੀ ਗੁਰਪ੍ਰੀਤ ਦਿਓ ਲੀਡ ਕਰ ਰਹੇ ਹਨ।
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਵਿਦਿਆਰਥਣਾਂ ਨੂੰ ਵੱਖ-ਵੱਖ ਨੰਬਰਾਂ ਤੋਂ ਮੋਬਾਈਲ ‘ਤੇ ਧਮਕੀ ਭਰੇ ਮੈਸੇਜ ਵੀ ਆ ਰਹੇ ਹਨ। ਮੈਸੇਜ ਭੇਜਣ ਵਾਲੀ ਲੜਕੀ ਨੇ ਚੈਟ ‘ਚ ਲਿਖਿਆ ਹੈ ਕਿ ‘ਦੋ ਦਿਨਾਂ ‘ਚ ਮੇਰੇ ਦੋਸਤ ਨੂੰ ਜੇਲ੍ਹ ‘ਚੋਂ ਬਾਹਰ ਕੱਢਵਾਓ, ਵਰਨਾ ਵੇਟ ਐਂਡ ਵਾਚ। ਮੇਰੇ ਕੋਲ ਤੁਹਾਡਾ ਵੀਡੀਓ ਵੀ ਹੈ।” ਇਸ ‘ਤੇ ਵਿਦਿਆਰਥਣ ਨੇ ਕਿਹਾ ਕਿ ਉਹ ਕਿਸ ਵੀਡੀਓ ਦੇ ਵਾਇਰਲ ਹੋਣ ਦੀ ਗੱਲ ਕਰ ਰਹੀ ਹੈ।
ਵਿਦਿਆਰਥਣ ਨੇ ਜਵਾਬ ਦਿੱਤਾ ਕਿ ਉਹ ਪੁਲਿਸ ਨੂੰ ਸ਼ਿਕਾਇਤ ਕਰੇਗੀ ਤੇ ਉਸ ਨੂੰ ਵੀ ਆਪਣੇ ਦੋਸਤ ਨਾਲ ਜੇਲ੍ਹ ‘ਚ ਵੀ ਰਹਿਣਾ ਪਵੇਗਾ, ਇਸ ਲਈ ਲੜਕੀ ਨੇ ਆਪਣੀ ਚੈਟ ਡਿਲੀਟ ਕਰ ਦਿੱਤੀ ਪਰ ਲੜਕੀ ਨੇ ਉਸ ਚੈਟ ਦਾ ਸਕ੍ਰੀਨ ਸ਼ਾਟ ਲੈ ਲਿਆ। ਅਜਿਹੇ ਸੁਨੇਹੇ ਹੋਰ ਵਿਦਿਆਰਥੀਆਂ ਨੂੰ ਵੀ ਆ ਰਹੇ ਹਨ।