ਪਟਿਆਲਾ- ਪਟਿਆਲਾ ਦੀ ਜੇਲ੍ਹ ਕੁੱਝ ਹੀ ਦਿਨਾਂ ਚ ਸ਼ਾਹੀ ਬਣ ਗਈ ਹੈ । ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੰਤਰੀ ਨਵਜੋਤ ਸਿੱਧੂ , ਬਿਕਰਮ ਮਜੀਠੀਆ ਤੋਂ ਬਾਅਦ ਹੁਣ ਬਾਲੀਵੁੱਡ ਦੇ ਪੋਪ ਸਿੰਗਰ ਦਲੇਰ ਮਹਿੰਦੀ ਵੀ ਇਨ੍ਹਾਂ ਦੀ ਕੰਪਨੀ ਕਰਨ ਜਾ ਰਹੇ ਹਨ ।ਮਿਲੀ ਜਾਣਕਾਰੀ ਮੁਤਾਬਿਕ ਕਬੂਤਰਬਾਜੀ ਮਾਮਲੇ ਚ ਸਜ਼ਾ ਪਾਉਣ ਵਾਲੇ ਦਲੇਰ ਮਹਿੰਦੀ ਸਿੱਧੂ ਦੇ ਨਾਲ 10 ਨੰਬਰ ਬੈਰਕ ਚ ਹੀ ਸਜ਼ਾ ਕੱਟਣਗੇ ।
ਦੋਵੇਂ ਨਾਮਵਰ ਸ਼ਖਸੀਅਤਾਂ ਸਾਲਾਂ ਪੁਰਾਣੇ ਕੇਸ ਚ ਸਜ਼ਾ ਸੁਣ ਚੁੱਕੇ ਹਨ । ਸਿੱਧੂ ਰੋਡ ਰੇਜ਼ ਮਾਮਲੇ ਅਤੇ ਦਲੇਰ ਮਹਿੰਦੀ ਕਬੂਤਰਬਾਜ਼ੀ ਦੇ ਮਾਮਲੇ ਚ ਦੋ ਸਾਲ ਦੀ ਸਜ਼ਾ ਕੱਟਣਗੇ ।ਸਿੱਧੂ ਦੀ ਗੱਲ ਕਰੀਏ ਤਾਂ 34 ਸਾਲ ਪੁਰਾਣੇ ਕੇਸ ਚ ਇਕ ਸਾਲ ਦੀ ਸਜ਼ਾ ਭੁਗਤ ਰਹੇ ਹਨ ।ਨਵਜੋਤ ਸਿੱਧੂ ਨੂੰ ਪਹਿਲਾਂ ਇਸ ਕੇਸ ਚ ਸਿਰਫ ਜ਼ੁਰਮਾਣਾ ਲਗਾ ਕੇ ਛੱਡ ਦਿੱਤਾ ਗਿਆ ਸੀ ।ਪੀੜਤ ਪਰਿਵਾਰ ਨੇ ਇਸ ਖਿਲਾਫ ਮੁੜ ਅਪੀਲ ਕੀਤੀ ਤਾਂ ਸੁਪਰੀਮ ਕੋਰਟ ਨੇ ਫੈਸਲਾ ਬਦਲਦਿਆਂ ਹੋਇਆਂ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ।
ਸਟਾਰ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਯਾਨਿ ਕੀ ਮਨੁੱਖੀ ਤਸਕਰੀ ਕੇਸ ਚ ਸਜ਼ਾ ਹੋਈ ਹੈ । ਮਾਮਲਾ ਸਾਲ 2003 ਦਾ ਹੈ । ਉਨ੍ਹਾਂ ‘ਤੇ 10 ਲੋਕਾਂ ਨੂੰ ਆਪਣੇ ਬੈਂਡ ਦਾ ਮੈਂਬਰ ਬਣਾ ਕੇ ਗਲਤ ਤਰੀਕੇ ਨਾਲ ਅਮਰੀਕਾ ਲੈ ਜਾਣ ਦੇ ਇਲਜ਼ਾਮ ਹਨ ।2018 ਚ ਟ੍ਰਾਇਲ ਕੋਰਟ ਨੇ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ।ਫੈਸਲੇ ਖਿਲਾਫ ਮਹਿੰਦੀ ਪਟਿਆਲਾ ਦੀ ਸੈਸ਼ਨ ਅਦਾਲਤ ਚ ਚਲੇ ਗਏ ,ਜਿੱਥੇ ਅਦਾਲਤ ਵਲੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ।