ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

ਅਹਿਮਦਾਬਾਦ : ਵਿਜੈ ਰੂਪਾਨੀ ਦੇ ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਗੁਜਰਾਤ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ? ਇਸ ਬਾਰੇ ਲਗਾਤਾਰ ਚਰਚਾ ਹੁੰਦੀ ਰਹੀ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਅਹੁਦੇ ਲਈ ਜੋ ਨਾਂਅ ਚੱਲ ਰਹੇ ਸਨ, ਉਹ ਪਿੱਛੇ ਰਹਿ ਗਏ ਅਤੇ ਭੁਪਿੰਦਰ ਪਟੇਲ ਦੇ ਨਾਂਅ ‘ਤੇ ਮੋਹਰ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਪਟੇਲ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਹੋਣਗੇ। ਭੁਪਿੰਦਰ ਪਟੇਲ ਆਨੰਦੀਬੇਨ ਪਟੇਲ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਉਸ ਦੇ ਨਾਂਅ ਦਾ ਪ੍ਰਸਤਾਵ ਖੁਦ ਵਿਜੇ ਰੂਪਾਨੀ ਨੇ ਵਿਧਾਇਕ ਦਲ ਦੀ ਬੈਠਕ ਵਿਚ ਕੀਤਾ ਸੀ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵਿਜੇ ਰੁਪਾਣੀ ਦੁਆਰਾ ਭੁਪਿੰਦਰ ਪਟੇਲ ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਜਿਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।

ਕੌਣ ਹੈ ਭੁਪਿੰਦਰ ਪਟੇਲ ?
ਭੁਪਿੰਦਰ ਪਟੇਲ ਇਕ ਪਾਟੀਦਾਰ ਨੇਤਾ ਹਨ। ਉਨ੍ਹਾਂ ਦੇ ਨਾਂਅ ‘ਤੇ ਮੋਹਰ ਲੱਗਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਉਨ੍ਹਾਂ ਨੂੰ ਮਠਿਆਈ ਖੁਆਈ। ਭੁਪਿੰਦਰ ਪਟੇਲ, ਜੋ ਜ਼ਮੀਨ ਨਾਲ ਜੁੜੇ ਨੇਤਾ ਮੰਨੇ ਜਾਂਦੇ ਹਨ, ਘਾਟਲੋਡੀਆ ਖੇਤਰ ਤੋਂ ਚੁਣੇ ਜਾਣ ਤੋਂ ਬਾਅਦ ਵਿਧਾਨ ਸਭਾ ਪਹੁੰਚੇ ਸਨ। ਵਿਜੇ ਰੂਪਾਨੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਉਨ੍ਹਾਂ ਨੇ ਅਗਲੇ ਸਾਲ ਰਾਜ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਚਾਨਕ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਰੂਪਾਨੀ ਨੂੰ ਅਸਤੀਫ਼ਾ ਦੇਣ ਲਈ ਕਿਸ ਨੇ ਪ੍ਰੇਰਿਤ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿਚ 182 ਵਿਧਾਨ ਸਭਾ ਸੀਟਾਂ ਲਈ ਚੋਣਾਂ ਦਸੰਬਰ 2022 ਵਿਚ ਹੋਣੀਆਂ ਹਨ।

ਟੀਵੀ ਪੰਜਾਬ ਬਿਊਰੋ