ਕੈਨੇਡਾ ਅਤੇ ਸਿੰਗਾਪੁਰ ਨੇ ‘ਯੁਵਾ ਗਤੀਸ਼ੀਲਤਾ ਸਮਝੌਤੇ’ ਦੀ ਯੋਜਨਾ ਦਾ ਕੀਤਾ ਐਲਾਨ

Singapore- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਦੋ ਦਿਨਾਂ ਕਾਰਜਕਾਰੀ ਦੌਰੇ ਦੀ ਸਮਾਪਤੀ ਕੀਤੀ, ਜਿਸ ’ਚ ਦੋਹਾਂ ਦੇਸ਼ਾਂ ਨੇ ‘ਯੁਵਾ ਗਤੀਸ਼ੀਲਤਾ ਸਮਝੌਤੇ’ ਦੀ ਯੋਜਨਾ ਦਾ ਐਲਾਨ ਕੀਤਾ।
ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਮਜ਼ਬੂਤ ਸੰਬੰਧਾਂ ਨੂੰ ਹੁਲਾਰਾ ਦੇਣ ਅਤੇ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਲਈ ਇੱਕ-ਦੂਜੇ ਦੇ ਦੇਸ਼ਾਂ ’ਚ ਕੰਮ ਤੇ ਯਾਤਰਾ ਕਰਨ ਨੂੰ ਸੌਖੇ ਬਣਾ ਕੇ ਅੰਤਰ-ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟਰੂਡੋ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਆਪਣੇ ਮੁਲਕਾਂ ਦਰਮਿਆਨ ਨਿੱਘੀ ਦੋਸਤੀ ਦੀ ਪੁਸ਼ਟੀ ਕੀਤੀ। ਮੰਤਰਾਲੇ ਨੇ ਅੱਗੇ ਕਿਹਾ ਕਿ ਸਿੰਗਾਪੁਰ ਅਤੇ ਕੈਨੇਡਾ ਵਿਚਕਾਰ ਸੰਬੰਧ ‘‘ਬਹੁ-ਪੱਖੀਵਾਦ ਅਤੇ ਕਾਨੂੰਨ ਸ਼ਾਸਨ ਪ੍ਰਤੀ ਵਚਨਬੱਧਤਾ ਤੇ ਮੁਕਤ ਵਪਾਰ ਦੀ ਮਹੱਤਤਾ ਦੀ ਮਾਨਤਾ ਵਰਗੇ ਪ੍ਰਮੁੱਖ ਮੁੱਦਿਆਂ ’ਤੇ ਸਾਂਝੇ ਦ੍ਰਿਸ਼ਟੀਕੋਣ ’ਤੇ ਅਧਾਰਿਤ ਹਨ।’’
ਇਸਤਾਨਾ ਵਿਖੇ ਆਪਣੀ ਮੀਟਿੰਗ ’ਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਕੌਮਾਂਤਰੀ ਵਿਕਾਸ ਬਾਰੇ ਚਰਚਾ ਕੀਤੀ। ਇਸ ਮੌਕੇ ਲੀ ਨੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਆਨ) ’ਚ ਕੈਨੇਡਾ ਦੀ ਸ਼ਮੂਲੀਅਤ ਦਾ ਵੀ ਸਵਾਗਤ ਕੀਤਾ ਅਤੇ ਆਸੀਆਨ ਦੇਸ਼ਾਂ ਦਾ ਰਣਨੀਤਿਕ ਭਾਈਵਾਲ ਬਣਨ ’ਤੇ ਕੈਨੇਡਾ ਨੂੰ ਵਧਾਈਆਂ ਦਿੱਤੀਆਂ।
ਟਰੂਡੋ ਨੇ ਬੁੱਧਵਾਰ ਨੂੰ ਇਹ ਕਿਹਾ ਸੀ ਕਿ ਕੈਨੇਡਾ ਖੇਤਰੀ ਸਮੂਹ ਦੇ ਨਾਲ ਇੱਕ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਕਰਦਾ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨਾਲ ਸਿੰਗਾਪੁਰ ਦੇ ਸੰਬੰਧਾਂ ਨੂੰ ਪੁਰਾਣੇ ਅਤੇ ਦੁਵੱਲੇ ਸਹਿਯੋਗ ’ਚ ਵਧਦਿਆਂ ਦੱਸਿਆ। ਮੰਤਰਾਲੇ ਨੇ ਕੈਨੇਡਾ-ਸਿੰਗਾਪੁਰ ਸਾਈਬਰ ਸਕਿਓਰਿਟੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੱਲ ਇਸ਼ਾਰਾ ਕੀਤਾ ਜੋ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਹੁਨਰਾਂ ਨੂੰ ਸ਼ਾਮਿਲ ਕਰਦਾ ਹੈ।