ਪਾਕਿਸਤਾਨ ਵਿਚ ਨੁਕਸਾਨਿਆ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪਿਆ

ਮੁਲਤਾਨ : ਪਿਛਲੇ ਹਫਤੇ ਮੱਧ ਪਾਕਿਸਤਾਨ ਵਿਚ ਗੁੱਸੇ ‘ਚ ਭੜਕੀ ਭੀੜ ਦੁਆਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਕ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਨੇ ਦਿੱਤੀ।

ਲਾਹੌਰ ਤੋਂ ਲਗਭਗ 590 ਕਿਲੋਮੀਟਰ ਦੂਰ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿਚ ਬੁੱਧਵਾਰ ਨੂੰ ਭੜਕੀ ਭੀੜ ਨੇ ਗਣੇਸ਼ ਮੰਦਰ ‘ਤੇ ਹਮਲਾ ਕਰ ਦਿੱਤਾ ਸੀ।

ਭੀੜ ਨੇ ਇਕ ਸਥਾਨਕ ਮਦਰਸੇ ਵਿਚ ਕਥਿਤ ਤੌਰ ‘ਤੇ ਪਿਸ਼ਾਬ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਅੱਠ ਸਾਲ ਦੇ ਹਿੰਦੂ ਬੱਚੇ ਦੀ ਅਦਾਲਤ ਵੱਲੋਂ ਰਿਹਾਈ ਦੇ ਵਿਰੋਧ ਵਿਚ ਮੰਦਰ ਉੱਤੇ ਹਮਲਾ ਕੀਤਾ ਸੀ।

ਜ਼ਿਲ੍ਹਾ ਪ੍ਰਸ਼ਾਸਕ ਖੁਰਮ ਸ਼ਹਿਜ਼ਾਦ ਨੇ ਕਿਹਾ ਕਿ ਸਥਾਨਕ ਹਿੰਦੂ ਛੇਤੀ ਹੀ ਮੰਦਰ ਵਿਚ ਪੂਜਾ ਸ਼ੁਰੂ ਕਰ ਦੇਣਗੇ।

ਟੀਵੀ ਪੰਜਾਬ ਬਿਊਰੋ