Site icon TV Punjab | Punjabi News Channel

ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

Ottawa- ਜਹਾਜ਼ ’ਚ ਖ਼ਰਾਬੀ ਦੇ ਚੱਲਦਿਆਂ ਦੋ ਦਿਨਾਂ ਦੀ ਦੇਰੀ ਮਗਰੋਂ ਆਖਰਕਾਰ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਕੈਨੇਡਾ ਪਹੁੰਚ ਗਏ ਹਨ। ਬੀਤੇ ਹਫ਼ਤੇ ਟਰੂਡੋ ਆਪਣੇ ਬੇਟੇ ਜ਼ੇਵੀਅਰ ਨਾਲ ਭਾਰਤ ਸਮੇਤ ਹੋਰ ਵੱਖ-ਵੱਖ ਦੇਸ਼ਾਂ ਦੇ ਦੌਰਿਆਂ ’ਤੇ ਰਵਾਨਾ ਹੋਏ ਸਨ। ਸਭ ਤੋਂ ਪਹਿਲਾਂ ਉਹ ਸਿੰਗਾਪੁਰ ਗਏ, ਜਿਸ ਉਨ੍ਹਾਂ ਨੇ ਆਸੀਅਨ ਦੇਸ਼ਾਂ ਦੇ ਸਮੂਹ ਦੀ ਬੈਠਕ ’ਚ ਭਾਗ ਗਿਆ ਅਤੇ ਇਸ ਮਗਰੋਂ ਇੰਡੋਨੇਸ਼ੀਆ ਗਏ ਸਨ। ਅਖ਼ੀਰ ’ਚ ਪ੍ਰਧਾਨ ਮੰਤਰੀ ਭਾਰਤ ਪਹੁੰਚੇ, ਜਿੱਥੇ ਉਨ੍ਹਾਂ ਨੇ ਜੀ.-20 ਸਿਖਰ ਸੰਮੇਲਨ ’ਚ ਭਾਗ ਲਿਆ।
ਸੰਮੇਲਨ ’ਚ ਸ਼ਾਮਲ ਹੋਣ ਮਗਰੋਂ ਟਰੂਡੋ ਅਤੇ ਕੈਨੇਡੀਅਨ ਵਫ਼ਦ ਐਤਵਾਰ ਨੂੰ ਓਟਾਵਾ ਲਈ ਰਵਾਨਾ ਹੋਣ ਵਾਲਾ ਸੀ ਪਰ ਉਡਾਣ ਤੋਂ ਪਹਿਲਾਂ ਦੀ ਜਾਂਚ ਦੌਰਾਨ ਸਾਹਮਣੇ ਆਈ ਇੱਕ ਖ਼ਰਾਬੀ ਕਾਰਨ ਜਹਾਜ਼ ਨੂੰ ਰੋਕ ਦਿੱਤਾ ਗਿਆ ਸੀ।
ਸੀ. ਸੀ.-150 ਪੋਲਾਰਿਸ ਜਹਾਜ਼, ਇੱਕ ਫਲੀਟ ਦਾ ਹਿੱਸਾ ਹੈ, ਜੋ 1990 ਦੇ ਦਹਾਕੇ ਦੇ ਸ਼ੁਰੂ ’ਚ ਚਾਲੂ ਕੀਤਾ ਗਿਆ ਸੀ। ਹਾਲ ਹੀ ਦੇ ਸਾਲਾਂ ’ਚ ਇਹ ਕਾਫ਼ੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਆਗਾਮੀ ਸਰਦੀਆਂ ਦੇ ਸੀਜ਼ਨ ਮਗਰੋਂ ਇਸ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਹਾਜ਼ ’ਚ ਆਈ ਸਮੱਸਿਆ ਦਾ ਪਤਾ ਲੱਗਣ ਮਗਰੋਂ, ਰਾਇਲ ਕੈਨੇਡੀਅਨ ਹਵਾਈ ਫੌਜ ਨੇ ਇੱਕ ਟੈਕਨੀਸ਼ੀਅਨ ਨੂੰ ਬਦਲਵੇਂ ਪੁਰਜ਼ਿਆਂ ਨਾਲ ਭਾਰਤ ਭੇਜਿਆ ਅਤੇ ਲੋੜ ਪੈਣ ’ਤੇ ਬੈਕਅੱਪ ਜਹਾਜ਼ ਵੀ ਭੇਜਿਆ। ਹਾਲਾਂਕਿ ਤਕਨੀਸ਼ੀਅਨ ਅਸਲ ਜਹਾਜ਼ ਦੀ ਸਮੱਸਿਆ ਨੂੰ ਹੱਲ ਕਰਨ ’ਚ ਕਾਮਯਾਬ ਰਹੇ ਅਤੇ ਇਸ ਮਗਰੋਂ ਉਨ੍ਹਾਂ ਨੇ ਆਪਣੇ ਜਹਾਜ਼ ’ਚ ਹੀ ਉਡਾਣ ਭਰੀ। ਦੱਸ ਦਈਏ ਕਿ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਪ੍ਰਧਾਨ ਮੰਤਰੀ ਵਪਾਰਕ ਉਡਾਣ ਨਹੀਂ ਭਰਦੇ ਹਨ।

Exit mobile version