ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਜਲ੍ਹਿਆਂਵਾਲਾ ਬਾਗ ਅੱਗੇ ਦਿਖਾਵਾ 23 ਨੂੰ

ਜਲੰਧਰ : ਜਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ ਬਹਾਲ ਕਰਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਬੁਲਾਈ ਮੀਟਿੰਗ ’ਚ ਗੰਭੀਰ ਵਿਚਾਰ-ਚਰਚਾ ਉਪਰੰਤ 20 ਅਕਤੂਬਰ ਜਲ੍ਹਿਆਂਵਾਲਾ ਬਾਗ ਤੱਕ ਰੋਹ ਭਰਪੂਰ ਦਿਖਾਵਾ ਕਰਕੇ ਆਜ਼ਾਦੀ ਸੰਗਰਾਮ ਦੇ ਸ਼ਾਨਾਮੱਤੇ ਇਤਿਹਾਸ ਦੀ ਮੂੰਹ ਬੋਲਦੀ ਗਵਾਹ ਕੌਮੀ ਇਬਾਦਤਗਾਹ ਨਾਲ ਛੇੜਛਾੜ ਕਰਨ ਖਿਲਾਫ਼ ਰੋਸ ਦਿਖਾਵਾ ਕਰਨ ਦਾ ਪਹਿਲਾਂ ਐਲਾਨਿਆ ਪ੍ਰੋਗਰਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਕਾਰਨ ਬਦਲ ਕੇ 23 ਅਕਤੂਬਰ ਨੂੰ ਰੱਖਿਆ ਗਿਆ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਏ ਫੈਸਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵਾਰ ਵਾਰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜਲ੍ਹਿਆਂਵਾਲਾ ਬਾਗ ਟਰੱਸਟ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਭੇਜ ਕੇ ਮੂਲ ਸਰੂਪ ਬਹਾਲ ਕਰਨ ਦੀ ਹੱਕੀ ਮੰਗ ਨੂੰ ਪ੍ਰਵਾਨ ਕਰਨ ਦਾ ਜਦੋਂ ਅਜੇ ਤੱਕ ਕੋਈ ਠੋਸ ਹੁੰਗਾਰਾ ਨਹੀਂ ਭਰਿਆ ਗਿਆ।

ਹੁਣ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਭਰਵੇਂ ਸਹਿਯੋਗ ਨਾਲ 23 ਅਕਤੂਬਰ ਨੂੰ ਭੰਡਾਰੀ ਪੁਲ ਅੰਮ੍ਰਿਤਸਰ ਇਕੱਠੇ ਹੋ ਕੇ ਜਲ੍ਹਿਆਂਵਾਲਾ ਬਾਗ ਤੱਕ ਰੋਸ ਮਾਰਚ ਕੀਤਾ ਜਾਵੇਗਾ। ਮੰਚ ਤੋਂ ਅਗਲੀਆਂ ਸਰਗਰਮੀਆਂ ਦਾ ਮੀਟਿੰਗ ’ਚ ਅਹਿਦ ਲਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ’ਚ ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਲਈ ਜਿੱਤ ਤੱਕ ਆਵਾਜ਼ ਬੁਲੰਦ ਕੀਤੀ ਜਾਵੇਗੀ।

ਟੀਵੀ ਪੰਜਾਬ ਬਿਊਰੋ