Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ

Vancouver – ਕੈਨੇਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਇਕ ਗੋਰੇ ਜੋੜੇ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ਨੂੰ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਇਸ ਗੋਰੇ ਜੋੜੇ ਵੱਲੋਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੱਸਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਪੰਜਾਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾਂ ਪਿਆ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਤਾਜ਼ਾ ਘਟਨਾ ਸਰੀ ਦੀ ਇਕ ਪਾਰਕ ਤੋਂ ਸਾਹਮਣੇ ਆਈ ਹੈ, ਜਿੱਥੇ ਬਜ਼ੁਰਗ ਬੀਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ । ਇੱਥੇ ਕੁੱਝ ਬਜ਼ੁਰਗ ਬੀਬੀਆਂ ਪਾਰਕ ‘ਚ ਬੈਠੀਆਂ ਹੋਈਆਂ ਸਨ। ਇਸ ਵਕਤ ਇਕ ਗੋਰਾ ਜੋੜਾ ਆਇਆ ਤੇ ਉਨ੍ਹਾਂ ਵੱਲੋਂ ਇਨ੍ਹਾਂ ਬਜ਼ੁਰਗ ਬੀਬੀਆਂ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਇਨ੍ਹਾਂ 2 ਜਾਣਿਆ ਵੱਲੋਂ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਬੀਬੀਆਂ ਨੂੰ ਕਿਹਾ ਗਿਆ ਕਿ ਤੁਸੀ ਭਾਰਤ ਵਾਪਿਸ ਚਲੇ ਜਾਓ। ਇਹ ਦੋਵੇਂ ਜਾਣੇ ਇਥੇ ਹੀ ਨਹੀਂ ਰੁਕੇ ਬਲਕਿ ਇਨ੍ਹਾਂ ਬੀਬੀਆਂ ‘ਤੇ ਇਨ੍ਹਾਂ ਵੱਲੋਂ ਕੂੜਾ ਵੀ ਸੁਟਿਆ ਗਿਆ।
ਇਹ ਮਾਮਲਾ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ। ਹਰਜੀਤ ਸੱਜਣ ਨੇ ਲਿਖਿਆ “ ਉਹਨਾਂ ਸਾਰੇ ਬੱਚਿਆ ਅਤੇ ਬਜੁਰਗ ਮਾਤਾਂਵਾਂ ਜਿਹਨਾ ਇਸ ਨਫਰਤ ਨੂੰ ਝੱਲਿਆ ਹੈ; ਮੈ ਵਾਅਦਾ ਕਰਦਾ ਹਾਂ ਤੁਸੀ ਅਤੇ ਅਸੀ ਮਿਲਕੇ ਇਹ ਨਫਰਤ ਫਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਣਾਂ। ਪੰਜਾਬੀ ਖੁੱਲਕੇ ਬੋਲੋ: ਚਾਹੇ ਉਹ ਘਰ, ਪਾਰਕ, ਜਾਂ ਕਿਤੇ ਵੀ ਹੋਵੇ। ਇਹ ਸੌੜੀ ਅਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀ ਆਪਣੀ ਭਾਸ਼ਾ ਦੀਆਂ ਮਜਬੂਤ ਜੜਾਂ ਨੂੰ ਕੱਟਣ ਨਹੀਂ ਦੇਣਾਂ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀ ਨਫਰਤ ਨੂੰ ਜਿੱਤਣ ਨਹੀ ਦੇਣਾਂ।  ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ RCMP ਦੇ ਧਿਆਨ ‘ਚ ਹੈ ਪਰ, ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।