ਬ੍ਰਿਟਿਸ਼ ਕੋਲੰਬੀਆ ’ਚ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਕੋਵਿਡ ਅਤੇ ਇਨਫਲੂਐਂਜ਼ਾ ਲਈ ਟੀਕਾਕਰਨ ਮੁਹਿੰਮ

Victoria- ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਪਤਝੜ ਦੇ ਸੀਜ਼ਨ ਦੌਰਾਨ ਸਾਹ ਦੀਆਂ ਬਿਮਾਰੀਆਂ ਲਈ ਬੀ. ਸੀ. ਦੀ ਜਨਤਕ ਟੀਕਾਕਰਨ ਮੁਹਿੰਮ 10 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਕੋਵਿਡ-19 ਅਤੇ ਸਾਹ ਦੀਆਂ ਹੋਰ ਬਿਮਾਰੀਆਂ ’ਤੇ ਅਪਡੇਟ ਕੀਤੇ ਨਿਗਰਾਨੀ ਡੇਟਾ ਅਤੇ ਮੈਡੀਕਲ ’ਚ ਮਾਸਕਿੰਗ ਦੇ ਸੰਬੰਧ ’ਚ ਯੋਜਨਾਵਾਂ ਪੇਸ਼ ਕਰਦਿਆਂ ਇਸ ਗੱਲ ਦਾ ਐਲਾਨ ਕੀਤਾ।
ਹੈਨਰੀ ਨੇ ਕਿਹਾ ਕਿ ਲੰਬੇ ਸਮੇਂ ਦੀ ਦੇਖਭਾਲ ਵਾਲੇ ਨਿਵਾਸੀਆਂ ਦਾ ਟੀਕਾਕਰਨ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਅਤੇ ਆਮ ਲੋਕਾਂ ਲਈ ਟੀਕਾਕਰਨ ਅਪਾਇੰਟਮੈਂਟਾਂ ਬਾਰੇ ਸੱਦੇ ਅਗਲੇ ਹਫ਼ਤੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਹੈਨਰੀ ਨੇ ਕਿਹਾ ਕਿ ਜਿਵੇਂ ਹੀ ਵੈਕਸੀਨ ਆਵੇਗੀ, ਸਾਡੀ ਮੁਹਿੰਮ ਸ਼ੁਰੂ ਹੋ ਜਾਵੇਗੀ ਅਤੇ ਅਸੀਂ ਇਸ ਹਫ਼ਤੇ ਇਸ ਦੀ ਸ਼ੁਰੂਆਤ ਲੰਬੇ ਸਮੇਂ ਦੀ ਦੇਖਭਾਲ ਵਾਲੇ ਨਿਵਾਸੀਆਂ ਦੇ ਟੀਕਾਕਰਨ ਨਾਲ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਮੁਹਿੰਮ ਗੰਭੀਰਤਾ ਨਾਲ ਸ਼ੁਰੂ ਹੋਵੇਗੀ ਅਤੇ ਇਸ ਦੇ ਲਈ ਵਧੇਰੇ ਲੋਕਾਂ ਨੂੰ ਥੈਂਕਸਗਿਵਿੰਗ ਵੀਕਐਂਡ ਤੋਂ ਬਾਅਦ ਕਰੀਬ 10 ਅਕਤੂਬਰ ਤੱਕ ਸੱਦੇ ਮਿਲਣੇ ਸ਼ੁਰੂ ਹੋ ਜਾਣਗੇ।
ਸੂਬਾਈ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਕਿ ਉਹ ਸੂਬੇ ਦੀ Get Vaccinated ਵੈੱਬਸਾਈਟ ’ਤੇ ਰਜਿਸਟਰਡ ਹੋਣ, ਜੋ ਕਿ ਇੱਕ ਔਨਲਾਈਨ ਪ੍ਰਣਾਲੀ ਹੈ ਜਿਸ ਰਾਹੀਂ ਸੱਦੇ ਭੇਜੇ ਜਾਂਦੇ ਹਨ ਅਤੇ ਅਪਾਇੰਟਮੈਂਟਾਂ ਬੁੱਕ ਕੀਤੀਆਂ ਜਾਂਦੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ 1-833-838-2323 ’ਤੇ ਕਾਲ ਕਰਕੇ ਵੀ ਅਪਾਇੰਟਮੈਂਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸੱਦੇ ਪਹਿਲਾਂ ਪ੍ਰਾਥਮਿਕ ਆਬਾਦੀ ਨੂੰ ਭੇਜੇ ਜਾਣਗੇ, ਜਿਨ੍ਹਾਂ ’ਚ ਗੰਭੀਰ ਬਿਮਾਰੀ ਦੇ ਸਭ ਤੋਂ ਵੱਧ ਜ਼ੋਖ਼ਮ ਵਾਲੇ ਲੋਕ, ਖਾਸ ਤੌਰ ’ਤੇ ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕ, 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ, ਗਰਭਵਤੀ ਅਤੇ ਸਵਦੇਸ਼ੀ ਲੋਕ ਅਤੇ ਸਿਹਤ-ਸੰਭਾਲ ਕਰਮਚਾਰੀ ਸ਼ਾਮਿਲ ਹਨ।
ਉੁੱਥੇ ਹੀ ਇਨਫਲੂਐਂਜ਼ਾ ਟੀਕਾਕਰਨ ਲਈ ਬੱਚੇ ਅਤੇ ਛੋਟੇ ਬੱਚੇ ਵੀ ਤਰਜੀਹੀ ਆਬਾਦੀ ਹਨ। ਵੀਰਵਾਰ ਨੂੰ ਨਿਊਜ਼ ਕਾਨਫਰੰਸ ਦੌਰਾਨ ਪੇਸ਼ ਕੀਤੇ ਗਿਆ ਡਾਟਾ ਦਰਾਸਾਉਂਦਾ ਹੈ ਕਿ ਪਿਛਲੇ ਸਾਲ ਦੇ ਸ਼ੁਰੂਆਤੀ ਅਤੇ ਮੁਕਾਬਲਤਨ ਛੋਟੇ ਫਲੂ ਸੀਜ਼ਨ ਦੌਰਾਨ ਛੋਟੇ ਬੱਚਿਆਂ ਨੂੰ ਅਸਪਸ਼ਟ ਤੌਰ ’ਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਕੋਵਿਡ-19 ਟੀਕਾਕਰਨ ਲਈ ਅਪਾਇੰਟਮੈਂਟਾਂ ਸੂਬੇ ਭਰ ਦੀਆਂ 1,200 ਤੋਂ ਵੱਧ ਫਾਰਮੇਸੀਆਂ ਅਤੇ ਫਲੂ ਵੈਕਸੀਨ ਲਈ ਅਪਾਇੰਟਮੈਂਟਾਂ 1,350 ਤੋਂ ਵੱਧ ਫਾਰਮੇਸੀਆਂ ’ਤੇ ਉਪਲਬਧ ਹੋਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਜਨਤਾ ਨੂੰ ਇੱਕੋ ਸਮੇਂ ਇੱਕ ਕੋਵਿਡ ਅਤੇ ਫਲੂ ਸ਼ਾਟ ਦੋਵੇਂ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।