ਲੁਧਿਆਣਾ ਵਿੱਚ ਲਗਾਤਾਰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਤੋਂ ਤੰਗ ਹੋ ਕੇ ਅੱਜ ਲੁਧਿਆਣਾ ਦੇ ਸਨਅਤਕਾਰਾਂ ਨੇ ਇਕਜੁੱਟ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਤੇ ਜੰਮ ਕੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਰਕਾਰ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪੂਰੀ ਬਿਜਲੀ ਦੇਣ ‘ਚ ਅਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਦਿਨ ਦੇ ਕੱਟ ਤੋਂ ਬਾਅਦ ਜੇਕਰ ਹੁਣ ਸਰਕਾਰ ਨੇ ਇੰਡਸਟਰੀ ਦਾ ਕੱਟ ਲਾਇਆ ਤਾਂ ਸਾਰੇ ਲੁਧਿਆਣਾ ਦੇ ਸਨਅਤਕਾਰ ਸੜਕਾਂ ਤੇ ਉਤਰ ਕੇ ਸਰਕਾਰ ਦੀ ਖ਼ਿਲਾਫ਼ਤ ਕਰਨਗੇ।
ਲੁਧਿਆਣਾ ਦੇ ਸਨਅਤਕਾਰ ਬਾਤਿਸ਼ ਜਿੰਦਲ ਅਤੇ ਨਰਿੰਦਰ ਭੰਵਰਾ ਵੱਲੋਂ ਕਿਹਾ ਗਿਆ ਕਿ ਅੱਜ ਇੰਡਸਟਰੀ ਦੀ ਇਸ ਹਾਲਤ ਲਈ ਪੰਜਾਬ ਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਉਹ ਅਫ਼ਸਰ ਜ਼ਿੰਮੇਵਾਰ ਹਨ ਜੋ ਆਪਣੇ ਕੰਮਾਂ ਤੋਂ ਭੱਜ ਰਹੇ ਨੇ। ਉਨ੍ਹਾਂ ਕਿਹਾ ਕਿ ਜਦੋਂ ਪਤਾ ਸੀ ਕਿ ਜੂਨ-ਜੁਲਾਈ ਵਿੱਚ ਜਾ ਕੇ ਬਿਜਲੀ ਦੀ ਕਿੱਲਤ ਆਵੇਗੀ ਤਾਂ ਸਰਕਾਰ ਨੇ ਪਹਿਲਾਂ ਬੰਦੋਬਸਤ ਕਿਉਂ ਨਹੀਂ ਕੀਤੇ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਇਸ ਕਰਕੇ ਬੰਦ ਕਰ ਦਿੱਤਾ ਕਿ ਬਿਜਲੀ ਪੂਰੀ ਹੈ ਪਰ ਅੱਜ ਬਿਜਲੀ ਦੀ ਕਿੱਲਤ ਹੋ ਰਹੀ ਹੈ। ਸਨਅਤਕਾਰਾਂ ਨੇ ਕਿਹਾ ਕਿ ਇਸ ਲਈ ਪੂਰੀ ਤਰ੍ਹਾਂ ਸਰਕਾਰ ਜ਼ਿੰਮੇਵਾਰ ਹੈ ਅਤੇ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸਨਅਤਕਾਰ ਸਰਕਾਰ ਦੇ ਕਮਾਊ ਪੁੱਤ ਹਨ ਅਤੇ ਅੱਜ ਕਮਾਊ ਪੁੱਤ ਹੀ ਸੜਕਾਂ ਤੇ ਉਤਰ ਕੇ ਸਰਕਾਰ ਦੇ ਪੁਤਲੇ ਫੂਕ ਰਹੇ ਹਨ।