ਬਸੰਤ ‘ਤੇ ਡੀ.ਜੇ ਲਗਵਾਇਆ ਤਾਂ ‘ ਆਂਟੀ ਪੁਲਿਸ ਬੁਲਾਲੇਗੀ’

ਖੰਨਾ- 26 ਜਨਵਰੀ ਨੂੰ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਡੀਜੇ ਲਗਾਉਣਾ ਮਹਿੰਗਾ ਪਵੇਗਾ। ਇਹ ਡੀਜੇ ਜੇਲ੍ਹ ਯਾਤਰਾ ਵੀ ਕਰਵਾ ਸਕਦਾ ਹੈ। ਖੰਨਾ ਪੁਲਸ ਨੇ ਇਹ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਤੰਗਬਾਜ਼ੀ ਲਈ ਕਿਰਾਏ ਉਪਰ ਡੀਜੇ ਦੇਣ ਵਾਲੇ ਮਾਲਕਾਂ ਖਿਲਾਫ ਵੀ ਕੇਸ ਦਰਜ ਹੋਵੇਗਾ।

ਬਸੰਤ ਪੰਚਮੀ ਦੇ ਦਿਨ ਲੋਕ ਪਤੰਗ ਉਡਾਉਣ ਦੇ ਨਾਲ ਨਾਲ ਉੱਚੀ ਆਵਾਜ਼ ਵਿਚ ਡੀਜੇ ਉਤੇ ਗਾਣੇ ਚਲਾਉਂਦੇ ਹਨ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਡੀਜੇ ਲਗਾਉਣਾ ਮਹਿੰਗਾ ਪੈ ਸਕਦਾ ਹੈ। ਬਸੰਤ ਪੰਚਮੀ ਦੇ ਦਿਨ ਡੀਜੇ ਲਗਾਉਣ ਵਾਲਿਆਂ ਦੀ ਖੈਰ ਨਹੀਂ। ਖੰਨਾ ਪੁਲਿਸ ਨੇ ਕਿਹਾ ਕਿ ਬਸੰਤ ਪੰਚਮੀ ਵਾਲੇ ਦਿਨ ਉੱਚੀ ਆਵਾਜ਼ ਵਿਚ ਡੀਜੇ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸੇ ਤਹਿਤ ਖੰਨਾ ਪੁਲਿਸ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਖੰਨਾ ਪੁਲਿਸ ਦੇ ਡੀਐੱਸਪੀ ਨੇ ਡੀਜੇ ਲਗਾਉਣ ‘ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਡੀਜੇ ਲਗਾਉਣਾ ਹੈ ਤਾਂ ਉਸ ਦੀ ਇਜਾਜ਼ਤ ਲੈਣੀ ਪਵੇਗੀ ਤੇ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਵੀ ਡੀਜੇ ਦੀ ਆਵਾਜ਼ ਨੂੰ ਹੌਲੀ ਹੀ ਰੱਖਣਾ ਪਵੇਗਾ ਤਾਂ ਕਿ ਉਹ ਸਿਰਫ ਉਸ ਦੇ ਆਪਣੇ ਘਰ ਤੱਕ ਹੀ ਸੀਮਤ ਰਹੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਮਾਨ ਸਰਕਾਰ ਵੱਲੋਂ ਚਾਈਨਾ ਡੋਰ ‘ਤੇ ਵੀ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਬਸੰਤ ਪੰਚਮੀ ਤਿਓਹਾਰ ਦੇ ਮੱਦੇਨਜ਼ਰ ਚਾਈਨਾ ਡੋਰ ਦੀ ਵਿਕਰੀ, ਭੰਡਾਰ ਤੇ ਖਰੀਦ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਿੰਥੈਟਿਕ ਸਮੱਗਰੀ ਜਾਂ ਇਸੇ ਤਰ੍ਹਾਂ ਦੀ ਕੋਈ ਹੋਰ ਸਮੱਗਰੀ ਜਿਵੇਂ ਪਤੰਗ ਨੂੰ ਉਡਾਉਣ ਲਈ ਵੇਚਿਆ ਤੇ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਨਾ ਸਿਰਫ ਮਨੁੱਖੀ ਜੀਵਨ ਲਈ ਸਗੋਂ ਪੰਛੀਆਂ ਲਈ ਵੀ ਖਤਰਨਾਕ ਹੈ ਤੇ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।