ਡੈਸਕ- ਪੰਜਾਬ ਵਿੱਚ ਅੱਜ (ਵੀਰਵਾਰ) ਤੋਂ ਡਾਕਟਰਾਂ ਦੀ ਹੜਤਾਲ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਅੱਜ ਤੋਂ ਪੰਜਾਬ ਭਰ ਵਿੱਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਇੰਨਾ ਹੀ ਨਹੀਂ, ਡਾਕਟਰ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਦੇਣਗੇ, ਚਾਹੇ ਉਹ ਡਰਾਈਵਿੰਗ ਲਈ ਹੋਵੇ ਜਾਂ ਬੰਦੂਕ ਦਾ ਲਾਇਸੈਂਸ ਜਾਂ ਨੌਕਰੀ ਲਈ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ।
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ 11 ਸਤੰਬਰ ਨੂੰ ਹਾਂ-ਪੱਖੀ ਗੱਲਬਾਤ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਨਿਯਮਾਂ ਮੁਤਾਬਕ ਹੜਤਾਲ ਜਾਰੀ ਰਹੇਗੀ।
11 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਹੋਈ ਮੀਟਿੰਗ ਦੌਰਾਨ ਕੁਝ ਗੱਲਾਂ ‘ਤੇ ਸਹਿਮਤੀ ਬਣੀ ਸੀ। ਐਸੋਸੀਏਸ਼ਨ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖ਼ਾਹਾਂ ਵਿੱਚ ਵਾਧੇ ਦੇ ਹੁਕਮ ਜਾਰੀ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਰਕਾਰ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨੂੰ 3 ਪੜਾਵਾਂ ਵਿੱਚ ਬਦਲ ਦਿੱਤਾ। ਜਿਸ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਪਹਿਲਾ ਪੜਾਅ 9 ਤੋਂ 11 ਸਤੰਬਰ ਤੱਕ ਸੀ, ਜਿਸ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਦੂਜਾ ਪੜਾਅ 12 ਤੋਂ 15 ਸਤੰਬਰ ਤੱਕ ਚੱਲੇਗਾ।
ਜਿਸ ਵਿੱਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ। ਤੀਜਾ ਪੜਾਅ 16 ਸਤੰਬਰ ਤੋਂ ਬਾਅਦ ਹੋਵੇਗਾ। ਇਸ ਵਿੱਚ ਡਾਕਟਰ ਓਪੀਡੀ ਦੇ ਨਾਲ-ਨਾਲ ਮੈਡੀਕਲ ਲੀਗਲ ਕਰਨ ਤੋਂ ਸਾਫ਼ ਇਨਕਾਰ ਕਰ ਦੇਣਗੇ।