Site icon TV Punjab | Punjabi News Channel

ਯੂ.ਕੇ ‘ਚ ਭਾਰਤੀਆਂ ਸਮੇਤ ਨਸ਼ਾ ਤਸਕਰ ਗਿਰੋਹ ਨੂੰ ਹੋਈ 80 ਸਾਲ ਦੀ ਸਜ਼ਾ

ਡੈਸਕ- ਬਰਤਾਨੀਆਂ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਗਿਰੋਹ ਦੇ ਮੈਂਬਰਾਂ ਨੂੰ ‘ਜੰਮੇ ਹੋਏ ਚਿਕਨ’ ਦੇ ਪੈਕੇਟਾਂ ਵਿਚ ਲੁਕਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਹੈ।

ਬਰਮਿੰਘਮ ਕ੍ਰਾਊਨ ਕੋਰਟ ਨੇ ਪਿਛਲੇ ਹਫਤੇ 39 ਸਾਲ ਦੇ ਮਨਿੰਦਰ ਦੁਸਾਂਝ ਨੂੰ 16 ਸਾਲ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ, ਜਦਕਿ ਅਮਨਦੀਪ ਰਿਸ਼ੀ (42) ਨੂੰ ਪਾਬੰਦੀਸ਼ੁਦਾ ਨਸ਼ਿਆਂ ਦੀ ਸਪਲਾਈ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ਼ ਵਿਚ ਭੂਮਿਕਾ ਲਈ 11 ਸਾਲ ਅਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਵੈਸਟ ਮਿਡਲੈਂਡਜ਼ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਨੇ 400 ਕਿਲੋਗ੍ਰਾਮ ਉੱਚ ਸ਼ੁੱਧਤਾ ਵਾਲੀ ਕੋਕੀਨ ਅਤੇ 16 ਲੱਖ ਪੌਂਡ ਦੀ ਗੈਰਕਾਨੂੰਨੀ ਨਕਦੀ ਜ਼ਬਤ ਕੀਤੀ ਹੈ। ਜਾਂਚਕਰਤਾਵਾਂ ਨੇ ਥੋਕ ਸਪਲਾਈ ਚੇਨ ਨੂੰ ਖਤਮ ਕਰ ਦਿਤਾ ਸੀ, ਜਿਸ ਵਿਚ 10 ਮੈਂਬਰੀ ਗਿਰੋਹ ਕੱਚੇ ਚਿਕਨ ਦੇ ਪੈਕੇਟਾਂ ਵਿਚ ਨਸ਼ੀਲੇ ਪਦਾਰਥ ਲੈ ਕੇ ਜਾਂਦਾ ਸੀ।

ਪੁਲਿਸ ਨੇ ਆਸਟਰੇਲੀਆ ਭੇਜਣ ਲਈ ਰੱਖੀ 225 ਕਿਲੋਗ੍ਰਾਮ ਕੋਕੀਨ ਵੀ ਬਰਾਮਦ ਕੀਤੀ ਜੋ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਸਟਨ ਕੋਲਡਫੀਲਡ ਦੇ ਇਕ ਗੋਦਾਮ ’ਚ ਪਈ ਸੀ।

ਦੋਸਾਂਝ ਅਤੇ ਰਿਸ਼ੀ ਨੂੰ ਬਰਮਿੰਘਮ ’ਚ ਪੁਲਿਸ ਅਧਿਕਾਰੀਆਂ ਨੇ ਉਸ ਵੈਨ ਨੂੰ ਰੋਕਿਆ ਜਿਸ ’ਚ ਉਹ ਐਸੈਕਸ ਬੰਦਰਗਾਹ ਤੋਂ ਵਾਪਸ ਆ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਜੰਮੇ ਹੋਏ ਚਿਕਨ’ ਉਤਪਾਦਾਂ ’ਚ 150 ਕਿਲੋਗ੍ਰਾਮ ਤੋਂ ਵੱਧ ਕੋਕੀਨ ਲੁਕਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।

ਬਰਮਿੰਘਮ, ਵੋਲਵਰਹੈਂਪਟਨ, ਸੈਂਡਵੈਲ, ਵਾਲਸਾਲ, ਸਾਊਥ ਸਟੈਫੋਰਡਸ਼ਾਇਰ ਅਤੇ ਲੰਡਨ ਸਥਿਤ ਗਿਰੋਹ ਦੇ 10 ਵਿਅਕਤੀਆਂ ਨੂੰ ਜੁਲਾਈ 2020 ਵਿਚ ਗ੍ਰਿਫਤਾਰ ਕੀਤਾ ਗਿਆ ਸੀ।

Exit mobile version