ਡੈਸਕ- ਤਰਸੇਮ ਸਿੰਘ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਮਰਜੀਤ ਸਿੰਘ ਬਿੱਟੂ ਦਾ ਉਤਰਾਖੰਡ ਵਿੱਚ ਐਨਕਾਊਂਟਰ ਹੋ ਗਿਆ ਹੈ। ਉੱਤਰਾਖੰਡ ਐਸਟੀਐਫ ਅਤੇ ਹਰਿਦੁਆਰ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਉਸਨੂੰ ਮਾਰ ਦਿੱਤਾ ਹੈ। ਅਮਰਜੀਤ ਸਿੰਘ ਨੂੰ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਦੇ ਨਾਲ ਹੀ ਪੁਲਿਸ ਕਤਲ ਵਿੱਚ ਸ਼ਾਮਲ ਦੂਜੇ ਫਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ 28 ਮਾਰਚ ਨੂੰ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਅਮਰਜੀਤ ਸਿੰਘ ਬਿੱਟੂ ਨੂੰ ਉਤਰਾਖੰਡ ਐਸਟੀਐਫ ਅਤੇ ਹਰਿਦੁਆਰ ਪੁਲਿਸ ਨੇ ਮਾਰਿਆ ਹੈ। ਅਮਰਜੀਤ ਬਿੱਟੂ ਨੂੰ ਕਤਲ ਕੇਸ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ। ਡੀਜੀਪੀ ਕੁਮਾਰ ਨੇ ਦੱਸਿਆ ਕਿ ਦੂਜਾ ਮੁਲਜ਼ਮ ਫਰਾਰ ਚੱਲ ਰਿਹਾ ਹੈ। ਜਿਸ ਦੀ ਭਾਲ ਵਿੱਚ ਐਸਟੀਐਫ ਅਤੇ ਪੁਲੀਸ ਜੁਟੀ ਹੋਈ ਹੈ। ਬਾਬੇ ਦੇ ਕਤਲ ਨੂੰ ਉੱਤਰਾਖੰਡ ਪੁਲਿਸ ਅਤੇ ਐਸਟੀਐਫ ਨੇ ਚੁਣੌਤੀ ਵਜੋਂ ਲਿਆ ਸੀ ਅਤੇ ਪੁਲਿਸ ਦੋਵਾਂ ਮੁਲਜ਼ਮਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
ਇਸ ਦੇ ਨਾਲ ਹੀ ਹਰਿਦੁਆਰ ਦੇ ਐਸਐਸਪੀ ਪਰਮਿੰਦਰ ਡੋਵਾਲ ਨੇ ਦੱਸਿਆ ਕਿ ਹਰਿਦੁਆਰ ਦੇ ਕਲਿਆਰ ਰੋਡ ਅਤੇ ਭਗਵਾਨਪੁਰ ਵਿਚਕਾਰ ਐਸਟੀਐਫ, ਪੁਲੀਸ ਅਤੇ ਸ਼ਾਰਪਸ਼ੂਟਰ ਅਮਰਜੀਤ ਸਿੰਘ ਉਰਫ਼ ਬਿੱਟੂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿੱਚ ਮੁੱਖ ਸ਼ੂਟਰ ਬਿੱਟੂ ਮਾਰਿਆ ਗਿਆ। ਅਮਰਜੀਤ ਸਿੰਘ ਉਰਫ਼ ਬਿੱਟੂ ਖ਼ਿਲਾਫ਼ 16 ਤੋਂ ਵੱਧ ਕੇਸ ਦਰਜ ਹਨ। ਦੱਸ ਦਈਏ ਕਿ ਤਰਸੇਮ ਸਿੰਘ ਦੇ ਕਤਲ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਖੁਦ ਘਟਨਾ ‘ਤੇ ਨੇੜਿਓਂ ਨਜ਼ਰ ਰੱਖ ਰਹੇ ਸਨ ਅਤੇ ਪੁਲਸ ਨੂੰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ।
ਨਾਨਕਮੱਤਾ ਗੁਰਦੁਆਰਾ ਨਾਲ ਸਬੰਧ ਰੱਖਣ ਵਾਲੇ ਤਰਸੇਮ ਸਿੰਘ ਦਾ 28 ਮਾਰਚ ਨੂੰ ਕਤਲ ਕਰ ਦਿੱਤਾ ਗਿਆ ਸੀ। ਤਰਸੇਮ ਨੂੰ ਊਧਮ ਸਿੰਘ ਨਗਰ ਦੇ ਨਾਨਕਮੱਤਾ ਗੁਰਦੁਆਰੇ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਕਤਲ ਤੋਂ ਕੁਝ ਦਿਨ ਬਾਅਦ, ਸਾਬਕਾ ਆਈਏਐਸ ਅਧਿਕਾਰੀ ਹਰਬੰਸ਼ ਸਿੰਘ ਚੁੱਘ ਅਤੇ ਦੋ ਹੋਰਾਂ, ਜਿਨ੍ਹਾਂ ਦੀ ਪਛਾਣ ਪ੍ਰੀਤਮ ਸਿੰਘ ਅਤੇ ਬਾਬਾ ਅਨੂਪ ਸਿੰਘ ਵਜੋਂ ਹੋਈ ਸੀ, ਵਿਰੁੱਧ ਨਾਨਕਮੱਤਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਕਾਰਸੇਵਾ ਦੇ ਸੇਵਾਦਾਰ ਜਸਬੀਰ ਸਿੰਘ ਨੇ ਇਲਜ਼ਾਮ ਲਾਇਆ ਕਿ ਚੁੱਘ ਨੇ ਐਫਆਈਆਰ ਵਿੱਚ ਨਾਮਜ਼ਦ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਤਰਸੇਮ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।